25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ ਘੜਾਮ ਵਿਖੇ ਵਿਸ਼ਾਲ 'ਸ਼ਖਸੀਅਤ ਉਸਾਰੀ ਕੈਂਪ' ਲਗਾਇਆ

ਅਜੀਤ ਡੈਸਕ 23-01-2026
• ਪੜ੍ਹਾਈ ਦੇ ਨਾਲ-ਨਾਲ ਗੁਰਬਾਣੀ ਅਤੇ ਵਿਰਸੇ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ-ਜਸਵਿੰਦਰ ਸਿੰਘ ਖਾਲਸਾ
ਦੇਵੀਗੜ੍ਹ, 22 ਜਨਵਰੀ (ਰਾਜਿੰਦਰ ਸਿੰਘ ਮੌਜੀ)-ਵਿਦਿਆਰਥੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਵਿਚ ਨੈਤਿਕ ਗੁਣ ਭਰਨ ਦੇ ਮਕਸਦ ਨਾਲ 'ਐਜੂਕੇਟ ਪੰਜਾਬ ਪ੍ਰੋਜੈਕਟ' ਵਲੋਂ ਗੁਰਦੁਆਰਾ ਮਿਲਾਪਸਰ ਬਾਉਲੀ ਸਾਹਿਬ, ਘੜਾਮ ਵਿਖੇ ਇਕ ਰੋਜ਼ਾ 'ਮਨੋਹਰ ਸ਼ਖਸੀਅਤ ਉਸਾਰੀ ਕੈਂਪ' ਲਗਾਇਆ ਗਿਆ | ਇਸ ਕੈਂਪ ਵਿਚ ਦੇਵੀਗੜ੍ਹ ਇਲਾਕੇ ਦੇ 6 ਵੱਖ-ਵੱਖ ਸਕੂਲਾਂ ਦੇ 600 ਤੋਂ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਕੈਂਪ ਵਿਚ ਗੁਰੂ ਗੋਬਿੰਦ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੁੱਧਨ ਸਾਧਾਂ, ਡਾ. ਬੀ.ਐੱਸ. ਸੰਧੂ ਮੈਮੋਰੀਅਲ ਸਕੂਲ ਜਲਾਹਖੇੜੀ, ਲੱਕੀ ਮੀਰਾਂ ਸੀਨੀਅਰ ਸੈਕੰਡਰੀ ਸਕੂਲ ਭੁੰਨਰਹੇੜੀ, ਅਸੈਂਡ ਐਜੂਕੇਸ਼ਨ ਅਕੈਡਮੀ ਅਕਬਰਪੁਰ, ਜੱਜ ਮਾਡਰਨ ਸਕੂਲ ਛੰਨਾ ਮੋੜ ਅਤੇ ਖਾਲਸਾ ਇੰਟਰਨੈਸ਼ਨਲ ਸਕੂਲ ਜਲਾਲਾਬਾਦ ਦੇ ਵਿਦਿਆਰਥੀ ਸ਼ਾਮਲ ਹੋਏ | ਪ੍ਰੋਗਰਾਮ ਦਾ ਆਗਾਜ਼ ਰਜਿੰਦਰ ਕੌਰ ਗੁਰੂ ਨਾਨਕ ਅਕੈਡਮੀ, ਧਾਦੀਆਂ ਨੇ ਧਾਰਮਿਕ ਕਵਿਤਾ ਨਾਲ ਕੀਤਾ | ਇਸ ਤੋਂ ਬਾਅਦ ਵਿਦਿਆਰਥੀ ਕੁੰਵਰ ਅਜੀਤ ਸਿੰਘ ਅਤੇ ਰਣਫਤਿਹ ਸਿੰਘ ਨੇ ਜੋਸ਼ੀਲੀ ਕਵੀਸ਼ਰੀ ਪੇਸ਼ ਕੀਤੀ | ਵਿਦਿਆਰਥੀ ਫਤਿਹ ਪਾਲ ਸਿੰਘ ਨੇ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਵਿੱਚ ਜੋਸ਼ ਭਰ ਦਿੱਤਾ | ਐਜੂਕੇਟ ਪੰਜਾਬ ਪ੍ਰੋਜੈਕਟ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਖਾਲਸਾ ਇੰਗਲੈਂਡ ਵਾਲਿਆਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਉੱਚ ਅਹੁਦਿਆਂ 'ਤੇ ਪਹੁੰਚਣ ਲਈ ਮਿਹਨਤ ਨਾਲ ਪੜ੍ਹਾਈ ਕਰਨੀ ਜ਼ਰੂਰੀ ਹੈ, ਉੱਥੇ ਹੀ ਆਪਣੇ ਅਮੀਰ ਵਿਰਸੇ ਅਤੇ ਗੁਰਬਾਣੀ ਨਾਲ ਜੁੜਨਾ ਵੀ ਲਾਜ਼ਮੀ ਹੈ | ਉਨ੍ਹਾਂ 'ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ' ਦੇ ਸਿਧਾਂਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਗੁਰਬਾਣੀ ਮਨੁੱਖੀ ਜੀਵਨ ਨੂੰ ਸੁਚੱਜਾ ਤੇ ਸੱਚਾ-ਸੁੱਚਾ ਬਣਾਉਂਦੀ ਹੈ | ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ ਮੌਜੂਦਾ ਸਮੇਂ ਪੰਜਾਬ ਵਿਚ 6000 ਤੋਂ ਵੱਧ ਲੋੜਵੰਦ ਬੱਚਿਆਂ ਦੀਆਂ ਫੀਸਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸੰਸਥਾ ਵਲੋਂ 7 ਮੁਫ਼ਤ ਸਕੂਲ ਸਫਲਤਾਪੂਰਵਕ ਚਲਾਏ ਜਾ ਰਹੇ ਹਨ | ਇਸ ਮੌਕੇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਬਾਬਾ ਰਤਨ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸਮਾਗਮ ਸਫਲ ਹੋਇਆ | ਇਸ ਦੌਰਾਨ ਪਟਿਆਲਾ ਜ਼ੋਨ ਦੇ ਇੰਚਾਰਜ ਦਲਜੀਤ ਸਿੰਘ, ਦੇਵੀਗੜ੍ਹ ਜ਼ੋਨ ਦੇ ਇੰਚਾਰਜ ਬਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਅੰਟਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਗੈਰ-ਅਧਿਆਪਨ ਸੰਘ ਦੀਆਂ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਅਗਲੀ ਖ਼ਬਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ 'ਚ ਉਤਸ਼ਾਹ ਨਾਲ ਬਸੰਤ ਪੰਚਮੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।