ਨਵਾਂਸ਼ਹਿਰ, 7 ਮਈ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਭਾਰਤੀ ਖੇਤੀ ਖੋਜ ਸੰਸਥਾ-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ, ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਲੋਂ ਪਿੰਡ ਬੇਗਮਪੁਰ ਵਿਖੇ 'ਖਾਦਾਂ ਦੀ ਸੰਤੁਲਿਤ ਵਰਤੋਂ' ਮੁਹਿੰਮ ਅਧੀਨ ਜਾਗਰੂਕਤਾ ਕੈਂਪ ਲਗਾਇਆ | ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ, ਕਿ੍ਸ਼ੀ ਵਿਗਿਆਨ ਕੇਂਦਰ, ਲੰਗੜੋਆ ਦੀ ਅਗਵਾਈ ਵਿਚ ਲਗਾਏ ਗਏ ਇਸ ਕੈਂਪ ਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਮਿੱਟੀ ਪਰਖ ਦੇ ਮਹੱਤਵ ਪ੍ਰਤੀ ਜਾਣੂ ਕਰਵਾਉਣਾ ਤੇ ਖਾਦਾਂ ਦੀ ਸੰਤੁਲਿਤ ਵਰਤੋਂ ਸੰਬੰਧੀ ਦੱਸਿਆ ਜਾਣਾ ਸੀ | ਪ੍ਰੋਗਰਾਮ ਵਿਚ 40 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ | ਇਸ ਮੌਕੇ ਖੇਤੀ ਵਿਗਿਆਨੀਆਂ ਨੇ ਫਸਲ ਦੀ ਉੱਚੀ ਉਤਪਾਦਕਤਾ ਨੂੰ ਕਾਇਮ ਰੱਖਣ ਲਈ ਕਿਸਾਨਾਂ ਨੂੰ ਸੰਤੁਲਿਤ ਖਾਦਾਂ, ਸੁਧਰੇ ਬੀਜਾਂ ਦੀ ਵਰਤੋਂ ਵਾਲੀਆਂ ਟਿਕਾਊ ਖੇਤੀ ਤਕਨੀਕਾਂ ਬਾਰੇ ਆਪਣੀ ਸਮਝ ਨੂੰ ਵਧਾਉਣਾ ਚਾਹੀਦਾ ਹੈ | ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਵਾਤਾਵਰਨ-ਅਨੁਕੂਲ ਕੀਟ ਪ੍ਰਬੰਧ ਪ੍ਰਣਾਲੀਆਂ ਰਾਹੀ ਸਾਉਣੀ ਦੀਆਂ ਫਸਲਾਂ ਦੇ ਕੀੜੇ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ, ਝੋਨੇ ਦੇ ਮਧਰੇਪਣ ਦੇ ਰੋਗਾਂ ਬਾਰੇ ਵਿਚਾਰ ਸਾਂਝੇ ਕੀਤੇ | ਡਾ. ਤੇਜਬੀਰ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਪਸ਼ੂਆਂ ਨੂੰ ਗਰਮੀ ਦੇ ਮੌਸਮ ਵਿਚ ਦਰਪੇਸ਼ ਸਮੱਸਿਆਵਾਂ ਬਾਰੇ ਤੇ ਪਸ਼ੂਆਂ ਦੀ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਵਿਹਾਰਕ ਸੁਝਾਅ ਤੇ ਹੱਲ ਪੇਸ਼ ਕੀਤੇ | ਅਗਾਂਹਵਧੂ ਕਿਸਾਨ ਅਮਰੀਕ ਸਿੰਘ ਬੇਗਮਪੁਰੀ ਵਾਸੀ ਬੇਗਮਪੁਰ ਨੇ ਸ਼ਾਮਿਲ ਕਿਸਾਨਾਂ ਤੇ ਖੇਤੀ ਵਿਗਿਆਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਨੇ ਨਾ ਸਿਰਫ਼ ਕਿਸਾਨਾਂ ਦੇ ਤਕਨੀਕੀ ਗਿਆਨ ਨੂੰ ਮਜ਼ਬੂਤ ਕੀਤਾ ਸਗੋਂ ਉਨ੍ਹਾਂ ਨੂੰ ਇਕ ਸਿਹਤਮੰਦ ਵਾਤਾਵਰਨ, ਬਿਹਤਰ ਮਿੱਟੀ ਦੀ ਸਿਹਤ ਤੇ ਇਕ ਟਿਕਾਊ ਖੇਤੀਬਾੜੀ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਸੁਧਰੇ ਬੀਜਾਂ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਹੈ |