ਔੜ, 7 ਮਈ (ਗੁਰਨਾਮ ਸਿੰਘ ਸੈਣੀ)-ਸਿੱਖਿਆ ਦੇ ਨਾਲ-ਨਾਲ ਧਾਰਮਿਕ ਤੇ ਨੈਤਿਕ ਕਦਰਾਂ ਕੀਮਤਾਂ ਦੀ ਪ੍ਰੇਰਨਾ ਦੇਣ ਲਈ ਖ਼ਾਲਸਾ ਪਬਲਿਕ ਸਕੂਲ ਔੜ ਵਲੋਂ ਇਕ ਸ਼ਲਾਘਾਯੋਗ ਉਪਰਾਲਾ ਕੀਤਾ, ਜਿਸ ਤਹਿਤ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਧਾਰਮਿਕ ਪੁਸਤਕਾਂ ਵੰਡੀਆਂ ਗਈਆਂ ਤਾਂ ਜੋ ਬੱਚੇ ਆਪਣੇ ਸੰਸਕਾਰਾਂ ਤੇ ਵਿਰਾਸਤ ਨਾਲ ਹੋਰ ਵੀ ਗਹਿਰਾਈ ਨਾਲ ਜੁੜ ਸਕਣ | ਇਸ ਮੌਕੇ ਸਕੂਲ ਵਿਚ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ | ਸਮਾਗਮ ਦੌਰਾਨ ਬੱਚਿਆਂ ਨੂੰ ਗੁਰਬਾਣੀ ਸਿੱਖ ਇਤਿਹਾਸ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਸੰਬੰਧਤ ਕਿਤਾਬਾਂ ਵੰਡੀਆਂ ਗਈਆਂ ਜੋ ਬੱਚਿਆਂ ਦੇ ਚਰਿੱਤਰ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਛੱਤਰ ਸਿੰਘ ਸੁਮਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਬੱਚਿਆਂ ਨੂੰ ਪਾਠਕ੍ਰਮ ਦੀ ਸਿੱਖਿਆ ਦੇ ਨਾਲ-ਨਾਲ ਨੈਤਿਕ ਤੇ ਧਾਰਮਿਕ ਸਿੱਖਿਆ ਦੇਣਾ ਵੀ ਬਹੁਤ ਜ਼ਰੂਰੀ ਹੈ | ਉਹਨਾਂ ਕਿਹਾ ਕਿ ਧਾਰਮਿਕ ਪੁਸਤਕਾਂ ਬੱਚਿਆਂ ਨੂੰ ਜੀਵਨ ਦੇ ਸਹੀ ਮਾਰਗ 'ਤੇ ਤੁਰਨ ਦੀ ਪ੍ਰੇਰਨਾ ਦਿੰਦੀਆਂ ਹਨ ਅਤੇ ਉਨ੍ਹਾਂ ਵਿਚ ਸੱਚਾਈ ਨਿਮਰਤਾ ਤੇ ਸੇਵਾ ਭਾਵਨਾ ਵਰਗੇ ਗੁਣਾਂ ਨੂੰ ਮਜਬੂਤ ਕਰਦੀਆਂ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪੁਸਤਕਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਮੁੱਖ ਬੁਲਾਰੇ ਗੁਰਬਖ਼ਸ਼ ਸਿੰਘ ਖਾਲਸਾ ਮੈਂਬਰ ਐਸ. ਜੀ. ਪੀ. ਸੀ. ਦੀ ਅਗਵਾਈ 'ਚ ਵੰਡੀਆਂ ਗਈਆਂ ਹਨ, ਜਿਨ੍ਹਾਂ ਦਾ ਇਸ ਉਪਰਾਲੇ ਵਿਚ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਐਸੇ ਉਪਰਾਲੇ ਨਾਲ ਬੱਚਿਆਂ ਵਿਚ ਧਾਰਮਿਕ ਜਾਗਰੂਕਤਾ ਵਧਦੀ ਹੈ ਅਤੇ ਉਹ ਆਪਣੇ ਧਰਮ ਤੇ ਸੱਭਿਆਚਾਰ ਪ੍ਰਤੀ ਹੋਰ ਵੀ ਜ਼ਿੰਮੇਵਾਰ ਬਣਦੇ ਹਨ | ਸਮਾਗਮ ਦੌਰਾਨ ਪਿ੍ੰਸੀਪਲ ਰਣਜੀਤ ਕੌਰ ਤੂਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਛੋਟੀ ਉਮਰ ਤੋਂ ਹੀ ਚੰਗੇ ਸੰਸਕਾਰ ਦੇਣਾ ਸਮਾਜ ਦੀ ਭਲਾਈ ਲਈ ਬਹੁਤ ਲਾਭਕਾਰੀ ਹੈ | ਉਨ੍ਹਾਂ ਕਿਹਾ ਕਿ ਧਾਰਮਿਕ ਪੁਸਤਕਾਂ ਬੱਚਿਆਂ ਨੂੰ ਗਲਤ ਰਾਹ ਤੋਂ ਦੂਰ ਰੱਖਣ ਅਤੇ ਇਨ੍ਹਾਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਵਿਚ ਮਦਦਗਾਰ ਸਾਬਿਤ ਹੁੰਦੀਆਂ ਹਨ | ਵਿਦਿਆਰਥੀਆਂ ਨੇ ਵੀ ਇਸ ਉਪਰਾਲੇ ਲਈ ਸਕੂਲ ਪ੍ਰਬੰਧਕਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਪੁਸਤਕਾਂ ਤੋਂ ਮਿਲਣ ਵਾਲੀ ਸਿੱਖਿਆ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ | ਇਸ ਮੌਕੇ ਅਜਮੇਰ ਸਿੰਘ ਸਾਬਕਾ ਸਰਪੰਚ ਨੰਗਲ ਜੱਟਾਂ, ਮੈਡਮ ਬਲਜੀਤ ਕੌਰ, ਸਾਰਿਕਾ ਸ਼ਰਮਾ, ਰਜਨੀ ਕੁਮਾਰੀ, ਜਸਵੀਰ ਕੌਰ, ਹਰਦੀਪ ਸਿੰਘ ਕੋਟ ਰਾਂਝਾ, ਬਲਵੀਰ ਸਿੰਘ ਚੱਕਦਾਨਾ, ਮਨਪ੍ਰੀਤ ਕੌਰ, ਲਵਪ੍ਰੀਤ ਕੌਰ, ਮਨਦੀਪ ਕੌਰ, ਰਵਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |