ਬੰਗਾ, 7 ਮਈ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੇ ਵਿਦਿਆਰਥੀਆਂ ਨੇ ਭੰਗਲ ਕਲਾਂ 'ਚ ਹੋਏ ਇਕ ਕੁਸ਼ਤੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਹ ਮੁਕਾਬਲਾ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵਲੋਂ ਕਰਵਾਇਆ ਗਿਆ ਸੀ ਤੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਸੀ | ਇਸ ਮੁਕਾਬਲੇ ਵਿਚ ਜਮਾਤ 6ਵੀਂ ਐਮਾ ਦੇ ਵਿਦਿਆਰਥੀ ਲਿਵਜੋਤ ਸਿੰਘ ਨੇ ਅੰਡਰ-12 ਉਮਰ ਵਰਗ, 60 ਕਿੱਲੋ ਭਾਰ ਵਰਗ ਵਿਚ ਤੀਜਾ ਸਥਾਨ ਹਾਸਿਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ | ਇਸ ਦੇ ਨਾਲ ਹੀ ਜਮਾਤ ਚੌਥੀ ਫਰੌਸਟ ਦੇ ਇਮਾਨ ਨੇ ਵੀ ਕਾਂਸੀ ਦਾ ਤਗਮਾ ਜਿੱਤਿਆ, ਜਦ ਕਿ ਜਮਾਤ 6ਵੀਂ ਦੇ ਅਮਨਵੀਰ ਨੇ ਅੰਡਰ-50 ਕਿੱਲੋ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ | ਉਪਲਬਧੀ ਨੂੰ ਹੋਰ ਵੀ ਗੌਰਵਮਈ ਬਣਾਉਂਦੇ ਹੋਏ, ਤਿੰਨਾਂ ਵਿਦਿਆਰਥੀਆਂ ਦੀ ਚੋਣ ਆਉਣ ਵਾਲੀ ਰਾਜ ਪੱਧਰੀ ਚੈਂਪੀਅਨਸ਼ਪਿ ਲਈ ਹੋਈ ਹੈ, ਜੋ ਉਨ੍ਹਾਂ ਦੇ ਖੇਡ ਜੀਵਨ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ | ਵਿਦਿਆਰਥੀਆਂ ਦੀ ਇਸ ਕਾਮਯਾਬੀ ਦੇ ਮੌਕੇ 'ਤੇ ਸਕੂਲ ਵਿਚ ਇਕ ਵਿਸ਼ੇਸ਼ ਅਸੈਂਬਲੀ ਕਰਵਾਈ ਗਈ, ਜਿਸ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਹ ਸਮਾਂ ਸਾਰੇ ਸਕੂਲ ਲਈ ਮਾਣ ਅਤੇ ਪ੍ਰੇਰਣਾ ਦਾ ਪਲ ਬਣ ਗਿਆ | ਅਸੈਂਬਲੀ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਮੈਡਮ ਸ੍ਰੀਮਤੀ ਨੀਨਾ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪ੍ਰੇਰਣਾਦਾਇਕ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਹਰ ਜੇਤੂ ਕਦੇ ਇਕ ਆਮ ਸ਼ੁਰੂਆਤ ਕਰਨ ਵਾਲਾ ਹੀ ਹੁੰਦਾ ਹੈ ਜੋ ਹਾਰ ਨਹੀਂ ਮੰਨਦਾ, ਸਗੋਂ ਹਮੇਸ਼ਾ ਅੱਗੇ ਵੱਲ ਵੱਧਦਾ ਹੈ | ਤੁਸੀਂ ਸਭ ਆਪਣੀਆਂ ਸੀਮਾਵਾਂ ਤੋਂ ਬਾਹਰ ਨਿਕਲੋ, ਚੁਣੌਤੀਆਂ ਨੂੰ ਸਵੀਕਾਰ ਕਰੋ ਤੇ ਆਪਣੇ ਆਪ ਦਾ ਸਭ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ |