ਮੁਕੰਦਪੁਰ, 14 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਦੁਨੀਆ ਭਰ ਵਿਚ ਨਿਆਰੇ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਪੰਜਾਬ ਦੇ ਗੌਰਵਮਈ ਸੱਭਿਆਚਾਰ ਦਾ ਪ੍ਰਤੀਕ ਵਿਸਾਖੀ ਦਾ ਦਿਹਾੜਾ ਪੰਜਾਬੀਆਂ ਲਈ ਖ਼ੁਸ਼ੀਆਂ ਤੇ ਉਮੰਗਾਂ ਭਰਿਆ ਆਉਂਦਾ ਹੈ | ਇਸ ਪਵਿੱਤਰ ਦਿਹਾੜੇ ਦੇ ਆਗਮਨ 'ਤੇ ਪਹਿਲੀ ਪਾਤਸ਼ਾਹੀ, ਸੱਤਵੀਂ ਅਤੇ ਪਾਤਸ਼ਾਹੀ ਨੌਵੀਂ ਦੀ ਚਰਨ ਛੋਹ ਨਾਲ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਹਕੀਮਪੁਰ ਵਿਖੇ ਪੰਥ ਰਤਨ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਅਤੇ ਮਾਤਾ ਜਸਵੰਤ ਕੌਰ ਦੀ ਅਗਵਾਈ ਹੇਠ ਧਾਰਮਿਕ ਦੀਵਾਨ ਸਜਾਏ ਗਏ | ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ, ਅਰਦਾਸ ਉਪਰੰਤ ਢਾਡੀ ਅਤੇ ਕੀਰਤਨੀ ਜਥਿਆਂ ਵਲੋਂ ਖ਼ਾਲਸਾ ਪੰਥ ਦੀ ਸਾਜਨਾ ਸਬੰਧੀ ਪ੍ਰਸੰਗ ਅਤੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਵਿਸਾਖੀ ਸਬੰਧੀ ਕਵਿਤਾਵਾਂ ਅਤੇ ਪ੍ਰਚਾਰ ਨਾਲ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਮਹਾਨਤਾ ਤੋਂ ਜਾਣੂ ਕਰਵਾਇਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਬਰਜੰਗ ਸਿੰਘ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਗਤਾਂ ਲਈ ਚਾਹ-ਪਕੌੜੇ ਤੋਂ ਇਲਾਵਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਸੰਗਤਾਂ ਵੱਲੋਂ ਅੰਮਿ੍ਤ ਵੇਲੇ ਤੋਂ ਹੀ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ |