ਮੁਕੰਦਪੁਰ, 1 ਅਪ੍ਰੈਲ (ਅਮਰੀਕ ਸਿੰਘ ਢੀਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਜਗਵਿੰਦਰ ਸਿੰਘ ਦੇ ਯਤਨਾਂ ਸਦਕਾ ਗੁਰਪ੍ਰੀਤ ਸਿੰਘ ਤੂਰ ਸੇਵਾਮੁਕਤ ਡੀ. ਆਈ. ਜੀ. ਪੰਜਾਬ ਪੁਲਿਸ ਸੰਗ ਵਿਦਿਆਰਥੀਆਂ ਦਾ ਰੂ-ਬਰੂ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਕਾਲਜ ਪਿ੍ੰਸੀਪਲ ਮਨਜੀਤ ਸਿੰਘ ਨੇ ਰਸਮੀ ਤੌਰ 'ਤੇ ਆਏ ਹੋਏ ਮਹਿਮਾਨਾਂ ਦਾ ਫ਼ੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਤੇ ਜੀ ਆਇਆਂ ਆਖਿਆ | ਉਨ੍ਹਾਂ ਵਿਦਿਆਰਥੀਆਂ ਨੂੰ ਗੁਰਪ੍ਰੀਤ ਸਿੰਘ ਤੂਰ ਦੀਆਂ ਸਾਹਿਤਕ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਦੇ ਨਾਲ ਹੀ ਉਨ੍ਹਾਂ ਵਲੋਂ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦੇ ਪਾਣੀ, ਧਰਤੀ ਨੂੰ ਬਚਾਉਣ ਲਈ ਚਲਾਈ ਜਾ ਰਹੀ ਸਮਾਜਿਕ ਸੰਸਥਾਂ ਕਾਫ਼ਲਾ-ਜੀਵੇ ਪੰਜਾਬ ਨਾਲ ਵੀ ਜਾਣੂ ਕਰਵਾਇਆ | ਗੁਰਪ੍ਰੀਤ ਸਿੰਘ ਨੇ ਆਪਣੀ ਗੱਲ ਬਹੁਤ ਸਾਦੇ ਢੰਗ ਨਾਲ ਸ਼ੁਰੂ ਕਰਦਿਆਂ ਵਿਦਿਆਰਥੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਉਨ੍ਹਾਂ ਆਪਣੀ ਪੜ੍ਹਾਈ, ਡਿਊਟੀ ਦੌਰਾਨ ਆਈਆਂ ਮੁਸ਼ਕਿਲਾਂ ਨੂੰ ਕਿਵੇਂ ਸਹਿਜਤਾ ਨਾਲ ਹੱਲ ਕੀਤਾ, ਇਸ ਨੂੰ ਵਿਦਿਆਰਥੀ ਆਪਣੇ ਜੀਵਨ ਵਿੱਚ ਕਿਵੇਂ ਉਤਾਰ ਸਕਦੇ ਹਨ 'ਤੇ ਚਾਨ੍ਣਾ ਪਾਇਆ | ਇਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਕੀਤੇ ਗਏ ਪ੍ਰਸ਼ਨਾਂ ਦੇ ਗੁਰਪ੍ਰੀਤ ਸਿੰਘ ਤੂਰ ਨੇ ਬਹੁਤ ਹੀ ਸਹਿਜਤਾ ਨਾਲ ਉੱਤਰ ਦਿੱਤੇ | ਇਸ ਮੌਕੇ ਪੀ.ਟੀ.ਏ ਦੇ ਵਾਇਸ ਚੇਅਰਮੈੱਨ ਸੁਰਿੰਦਰ ਸਿੰਘ ਢੀਂਡਸਾ ਨੇ ਗੁਰਪ੍ਰੀਤ ਸਿੰਘ ਤੂਰ ਦੇ ਵਿਚਾਰਾਂ ਨਾਲ਼ ਸਾਂਝ ਪਾਉਂਦਿਆ ਵਿਦਿਆਰਥੀਆਂ ਨੂੰ ਉਨ੍ਹਾਂ ਵਾਂਗ ਉੱਚੇਰੀ ਸਿੱਖਿਆ ਪ੍ਰਾਪਤ ਕਰਕੇ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਪ੍ਰੇਰਿਆ | ਇਸਦੇ ਨਾਲ ਹੀ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅਤੇ ਕਾਲਜ ਵਲੋਂ ਗੁਰਪ੍ਰੀਤ ਸਿੰਘ ਤੂਰ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਮਨਜੀਤ ਸਿੰਘ, ਸੁਰਿੰਦਰ ਸਿੰਘ ਢੀਂਡਸਾ, ਡਾ. ਮਨਦੀਪ ਕੌਰ, ਪ੍ਰੋ. ਗੁਰਜੀਤ ਕੌਰ, ਪ੍ਰੋ. ਮੁਹੰਮਦ ਆਰਿਫ਼, ਡਾ. ਭਜਨ ਸਿੰਘ, ਪ੍ਰੋ. ਦੀਪਕ ਚੌਟਾਲਾ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ | ਸਟੇਜ ਦਾ ਸੰਚਾਲਨ ਡਾ. ਭਜਨ ਸਿੰਘ ਸਿੰਘ ਨੇ ਕੀਤਾ |