ਕਾਠਗੜ੍ਹ, 29 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 19ਵਾਂ ਪੀ.ਡੀ.ਐਫ.ਏ ਅੰਤਰ ਰਾਸ਼ਟਰੀ ਡੇਅਰੀ ਅਤੇ ਐਗਰੀ ਐਕਸਪੋ 7, 8, 9 ਫਰਵਰੀ ਨੂੰ ਪਸ਼ੂ ਮੰਡੀ ਜਗਰਾਉਂ (ਲੁਧਿਆਣਾ) ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਐਗਜੈਕਟਿਵ ਮੈਂਬਰ ਸਰਪੰਚ ਰਾਮਪਾਲ ਨੇ ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਲਜੀਤ ਸਿੰਘ ਸਦਰਪੁਰਾ ਪੀ. ਡੀ. ਐਫ. ਏ ਪ੍ਰਧਾਨ ਅਤੇ ਜਸਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੀ. ਡੀ. ਐਫ. ਏ, ਬਲਵੀਰ ਸਿੰਘ ਜਰਨਲ ਸਕੱਤਰ ਪੰਜਾਬ ਪੀ.ਡੀ.ਐਫ.ਏ ਅਤੇ ਮਨੀ ਚੌਧਰੀ ਜ਼ਿਲ੍ਹਾ ਵਾਈਸ ਪ੍ਰਧਾਨ ਪੀ. ਡੀ.ਐਫ.ਏ, ਜਗਤਾਰ ਸਿੰਘ ਬਲਾਕ ਪ੍ਰਧਾਨ ਪੀ.ਡੀ.ਐਫ.ਏ ਦੇ ਸਾਂਝੇ ਯਤਨਾ ਸਦਕਾ ਇਹ ਡੇਅਰੀ ਤੇ ਐਗਰੀ ਐਕਸਪੋ ਕਰਵਾਇਆ ਜਾਂਦਾ ਹੈ | ਇਸ ਵਿੱਚ ਚੋਟੀ ਦੇ ਦੁਧਾਰੂ ਪਸ਼ੂਆਂ ਦੇ ਦੁੱਧ ਚੁਆਈ ਦੇ ਮੁਕਾਬਲੇ ਕਰਵਾਏ ਜਾਂਦੇ ਹਨ | ਇਸ ਡੇਅਰੀ ਅਤੇ ਐਗਰੀ ਐਕਸਪੋ ਵਿੱਚ ਦੁਨੀਆਂ ਭਰ ਤੋਂ ਪਸ਼ੂ ਪਾਲਕ ਆਪਣੇ ਨਸਲੀ ਪਸ਼ੂਆਂ ਗਾਵਾਂ ਤੇ ਮੱਝਾਂ ਨੂੰ ਲੈ ਕੇ ਪਹੁੰਚਦੇ ਹਨ | ਜੇਤੂ ਪਸ਼ੂ ਮਾਲਕਾਂ ਨੂੰ ਵੱਡੇ ਇਨਾਮਾਂ ਨਾਲ ਨਿਵਾਜਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਜੇਤੂ ਰਹਿਣ ਵਾਲੇ ਪਸ਼ੂ ਮਾਲਕ ਨੂੰ ਟਰੈਕਟਰ ਨਾਲ ਨਿਵਾਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮਿਆਂ ਵਿੱਚ ਹੋਰ ਵੀ ਵਧੀਆ ਇਨਾਮ ਪਸ਼ੂ ਪਾਲਕਾਂ ਨੂੰ ਦਿੱਤੇ ਜਾਣਗੇ |