ਔੜ, 29 ਜਨਵਰੀ (ਗੁਰਨਾਮ ਸਿੰਘ ਸੈਣੀ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਔੜ-ਗੜੁਪੜ ਦੀਆਂ ਪ੍ਰਬੰਧਕ ਕਮੇਟੀਆਂ ਸਮੇਤ ਦੋਹਾਂ ਪਿੰਡਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੁੂ ਹੋਕੇ ਪਿੰਡ ਔੜ ਤੇ ਗੜੁਪੜ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਔੜ ਵਿਖੇ ਪਹੁੰਚ ਕੇ ਸਮਾਪਤ ਹੋਇਆ | ਨਗਰ ਕੀਰਤਨ ਦੇ ਨਾਲ ਵੱਡੀ ਗਿਣਤੀ ਵਿੱਚ ਮਰਦ, ਔਰਤਾਂ ਅਤੇ ਵੱਖ-ਵੱਖ ਪਿੰਡਾਂ ਦੇ ਸ਼ਰਧਾਲੂ ਗੁਰਬਾਣੀ ਦੇ ਸ਼ਬਦ ਕੀਰਤਨ ਦਾ ਜਾਪ ਕਰਦੇ ਨਾਲ-ਨਾਲ ਚੱਲ ਰਹੇ ਸਨ | ਗੁਰਦੁਆਰਾ ਸਾਹਿਬ ਔੜ-ਗੜੁਪੜ ਆਦਿ ਸਮੇਤ ਦੋਹਾਂ ਪਿੰਡਾਂ ਦੇ ਹੋਰ ਵੀ ਸੈਂਕੜੇ ਮਰਦ ਤੇ ਔਰਤਾ ਸਕੂਲਾਂ ਦੇ ਬੱਚੇ ਵੀ ਨਗਰ ਕੀਰਤਨ ਦੇ ਨਾਲ-ਨਾਲ ਗੁਰੂ ਜੀ ਦੀ ਬਾਣੀ ਦਾ ਜਾਪ ਕਰਦੇ ਚਲ ਰਹੇ ਸਨ | ਇਸ ਮੌਕੇ ਨਗਰ ਕੀਰਤਨ ਦੇ ਹਰ ਪੜਆ 'ਤੇ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜੀ ਦੀ ਬਾਣੀ ਸੁਣਾ ਕੇ ਨਿਹਾਲ ਕੀਤਾ | ਸ਼ਰਧਾਲੂ ਸੰਗਤਾਂ ਵਲੋਂ ਨਗਰ ਕੀਰਤਨ ਦੇ ਸਾਰੇ ਰਸਤਿਆਂ ਨੂੰ ਬੜੇ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ | ਨਗਰ ਕੀਰਤਨ ਦੇ ਹਰੇਕ ਰਸਤੇ ਵਿਚ ਸੰਗਤਾਂ ਵਲੋਂ ਥਾਂ-ਥਾਂ ਚਾਹ, ਮਠਿਆਈਆਂ, ਫਲ ਫਰੂਟ ਤੇ ਕੜਾਹ ਪ੍ਰਸ਼ਾਦਿ ਦੇ ਲੰਗਰ ਲਗਾਏ ਹੋਏ ਸਨ | ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣ ਲਈ ਬੈਂਡ ਵਾਜਿਆਂ ਦੀਆਂ ਧਾਰਮਿਕ ਧੁੰਨਾਂ, ਗੱਤਕਾ ਪਾਰਟੀਆਂ ਦੇ ਨਾਲ-ਨਾਲ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਲੋਕਾਂ ਨੇ ਫੁੱਲਾਂ ਦੀ ਵਰਖਾ ਵੀ ਕੀਤੀ | ਇਸ ਮੌਕੇ ਵਿਸ਼ੇਸ ਤੌਰ 'ਤੇ ਦੋਹਾ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ, ਪਿੰਡਾਂ ਦੇ ਦੋਹਾਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਇਸ ਇਲਾਕੇ ਦੀਆਂ ਹੋਰ ਵੀ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ |