ਰੱਤੇਵਾਲ, 20 ਜਨਵਰੀ (ਅਸ਼ੋਕ ਕੁਮਾਰ ਲੀਲ)-ਪਿੰਡ ਰੈਲਮਾਜਰਾ ਵਿਖੇ 7 ਦਿਨਾ ਐੱਨ.ਐੱਸ.ਐੱਸ ਕੈਂਪ ਦੇ ਪੰਜਵੇਂ ਦਿਨ ਰੈਲਮਾਜਰਾ ਪਿੰਡ 'ਚ ਵਿਕਸਿਤ ਭਾਰਤ ਅਤੇ ਨਸ਼ਾ ਮੁਕਤ ਸਮਾਜ ਦੇ ਥੀਮ ਤਹਿਤ ਜਾਗਰੂਕਤਾ ਰੈਲੀ ਅਤੇ ਸਿਹਤ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ | ਕਾਲਜ ਦੀ ਪਿ੍ੰਸੀਪਲ ਡਾ. ਰਜਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਅਤੇ ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਡਾ. ਲਵਲੀਨ ਚੌਹਾਨ ਦੇ ਸੁਚੱਜੇ ਨਿਰਦੇਸ਼ਾਂ ਅਧੀਨ ਦਿਨ ਦੀ ਸ਼ੁਰੂਆਤ ਰੈਲਮਾਜਰਾ ਪਿੰਡ ਵਿੱਚ ਜਾਗਰੂਕਤਾ ਰੈਲੀ ਨਾਲ ਹੋਈ | ਐੱਨ.ਐੱਸ.ਐੱਸ ਸੇਵਾਦਾਰਾਂ ਨੇ ਪੋਸਟਰਾਂ ਅਤੇ ਬੈਨਰਾਂ ਨਾਲ ਰੈਲੀ 'ਚ ਉਤਸ਼ਾਹਪੂਰਕ ਭਾਗ ਲਿਆ ਅਤੇ ਨਾਅਰੇ ਲਗਾ ਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ | ਰੈਲੀ ਦੌਰਾਨ ਸੇਵਾਦਾਰਾਂ ਵਲੋਂ ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮਿਸ ਦੀਪਤੀ ਠਾਕੁਰ, ਅਸਿਸਟੈਂਟ ਪ੍ਰੋਫੈਸਰ, ਕਾਲਜ ਆਫ਼ ਨਰਸਿੰਗ, ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ, ਵੱਲੋਂ ਹੈਲਥ ਟਾਕ ਥੀਮ ਹੇਠ ਬ੍ਰੈਸਟ ਸੈਲਫ਼ ਏਗਜ਼ਾਮੀਨੇਸ਼ਨ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ | ਉਨ੍ਹਾਂ ਨੇ ਵਿਦਿਆਰਥਣਾਂ ਅਤੇ ਪਿੰਡ ਦੀਆਂ ਮਹਿਲਾਵਾਂ ਨੂੰ ਸਵੈ-ਜਾਂਚ ਦੀ ਮਹੱਤਤਾ, ਸਹੀ ਤਰੀਕੇ ਅਤੇ ਸਮੇਂ-ਸਿਰ ਜਾਂਚ ਨਾਲ ਬਿਮਾਰੀਆਂ ਤੋਂ ਬਚਾਅ ਵਾਰੇ ਬਹੁਤ ਹੀ ਸਪਸ਼ਟ ਅਤੇ ਪ੍ਰਯੋਗਿਕ ਜਾਣਕਾਰੀ ਪ੍ਰਦਾਨ ਕੀਤੀ | ਪਿੰਡ ਵਾਸੀਆਂ ਵੱਲੋਂ ਰੈਲੀ, ਜਾਗਰੂਕਤਾ ਅਭਿਆਨ ਅਤੇ ਸਿਹਤ ਭਾਸ਼ਣ ਨੂੰ ਬਹੁਤ ਹੀ ਸਕਾਰਾਤਮਕ ਪ੍ਰਤਿਕਿ੍ਆ ਮਿਲੀ | ਪੰਜਵੇਂ ਦਿਨ ਦੀਆਂ ਸਾਰੀਆਂ ਗਤਿਵਿਧੀਆਂ ਨੇ ਨਸ਼ਾ ਮੁਕਤ, ਸਿਹਤਮੰਦ ਅਤੇ ਵਿਕਸਿਤ ਭਾਰਤ ਦੀ ਸੋਚ ਨੂੰ ਮਜ਼ਬੂਤ ਕਰਨ ਵੱਲ ਇੱਕ ਪ੍ਰਭਾਵਸ਼ਾਲੀ ਕਦਮ ਸਾਬਤ ਕੀਤਾ |