ਹਾਜੀਪੁਰ, 20 ਜਨਵਰੀ (ਪੁਨੀਤ ਭਾਰਦਵਾਜ)-ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦਾ ਨਾਂਅ ਜੀ ਰਾਮ ਜੀ ਰੱਖਣ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਇਸ ਦਾ ਵਿਰੋਧ ਦੇਸ਼ ਭਰ ਵਿਚ ਕੀਤਾ ਜਾ ਰਿਹਾ ਹੈ | ਇਸੇ ਕੜੀ ਦੇ ਤਹਿਤ ਪੰਜਾਬ ਦੇ ਅੰਦਰ ਵੀ ਇਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ | ਕਾਂਗਰਸ ਪਾਰਟੀ ਵਲੋਂ ਨਵੀਂ ਮਨਰੇਗਾ ਸਕੀਮ ਦੇ ਨਾਂਅ ਬਦਲਣ ਅਤੇ ਬਦਲਾਵਾਂ ਦੇ ਵਿਰੁੱਧ ਵੱਖ-ਵੱਖ ਪਿੰਡਾਂ 'ਚ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਇਸ ਸੰਬੰਧ 'ਚ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਪੀ.ਪੀ ਸੀ.ਸੀ ਦੇ ਮੈਂਬਰ ਸੁਮਿਤ ਡਡਵਾਲ ਦੀ ਅਗਵਾਈ ਹੇਠ ਯੂਥ ਕਾਂਗਰਸ ਦੀ ਮੀਟਿੰਗ ਹੋਈ ਜਿਸ ਵਿਚ ਵੱਡੀ ਗਿਣਤੀ 'ਚ ਯੂਥ ਕਾਂਗਰਸ ਦੇ ਵਰਕਰ ਸ਼ਾਮਿਲ ਹੋਏ | ਸੁਮਿਤ ਡਡਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਦਾ ਨਾਂਅ ਬਦਲ ਕੇ ਜੀ ਰਾਮ ਜੀ ਕੀਤਾ ਹੈ ਅਤੇ ਨਾਲ ਹੀ ਮੋਦੀ ਸਰਕਾਰ ਨੇ ਇਸ ਵਿਚ ਕਈ ਬਦਲਾਅ ਵੀ ਕੀਤੇ ਹਨ, ਜੋ ਸਿੱਧੇ ਤੌਰ 'ਤੇ ਮਜ਼ਦੂਰਾਂ ਅਤੇ ਗ਼ਰੀਬ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ | ਕਾਂਗਰਸ ਪਾਰਟੀ ਕੇਂਦਰ ਸਰਕਾਰ ਦੇ ਨਾਂਅ ਬਦਲਣ ਹੀ ਨਹੀਂ ਇਸ ਵਿਚ ਗ਼ਰੀਬਾਂ ਵਿਰੁੱਧ ਕੀਤੇ ਸੋਧਾ ਦੇ ਵਿਰੋਧ ਵਿਚ ਵੱਖ-ਵੱਖ ਪਿੰਡਾਂ ਵਿਚ ਜਾ ਰਹੀ ਹੈ ਅਤੇ ਨਵੀਂ ਮਨਰੇਗਾ ਸਕੀਮ ਨੂੰ ਰੱਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ | ਉਨ੍ਹਾਂ ਕਿਹਾ ਕਿ ਗ਼ਰੀਬ ਜਨਤਾ ਮਨਰੇਗਾ ਦੇ ਵਿਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਦੇ ਸਨ, ਉਨ੍ਹਾਂ ਦੀ ਰੋਜ਼ੀ ਰੋਟੀ ਤੇ ਮੋਦੀ ਸਰਕਾਰ ਨੇ ਸਿੱਧਾ ਹਮਲਾ ਕੀਤਾ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਰਾਜਨ ਕੁਮਾਰ, ਗੌਰਵ ਮਹਾਜਨ, ਵਿਕਰਮ ਚੌਧਰੀ, ਹੰਸ ਰਾਜ, ਵਿਵੇਕ ਕੁਮਾਰ, ਅਸ਼ਵਨੀ ਕੁਮਾਰ, ਅਜੇ ਕੁਮਾਰ, ਯਸ਼ਪਾਲ, ਨੀਰਜ, ਅੰਕੁਸ਼ ਸ਼ਰਮਾ, ਨਿਖਿਲ ਠਾਕੁਰ, ਅਮਿੱਤ ਕੁਮਾਰ, ਰਜਤ ਸ਼ਰਮਾ, ਵਿਕਾਸ ਕੁਮਾਰ, ਵਿਜੇ ਕੁਮਾਰ, ਮੁਨੀਸ਼ ਕੁਮਾਰ, ਗਗਨ ਕੁਮਾਰ, ਜਸਵੀਰ ਸਿੰਘ, ਓਾਕਾਰ ਸਿੰਘ, ਜਸਵੀਰ ਕੁਮਾਰ, ਸੁਨੀਲ ਕੁਮਾਰ, ਰਵੀ ਕੁਮਾਰ, ਅਸ਼ਵਨੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਥ ਕਾਂਗਰਸ ਦੇ ਵਰਕਰ ਹਾਜ਼ਰ ਸਨ |