ਨਵਾਂਸ਼ਹਿਰ, 20 ਜਨਵਰੀ (ਜਸਬੀਰ ਸਿੰਘ ਨੂਰਪੁਰ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਸਰਬ ਉੱਚ ਹਨ ਅਤੇ ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦੇ | ਇਹ ਪ੍ਰਗਟਾਵਾ ਮਜਾਰਾ ਨੌ ਆਬਾਦ ਦੇ ਦਰਬਾਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਨੂੰ ਹੱਲ ਹੋਣ ਉਪਰੰਤ ਬੁਲਾਈ ਗਈ ਮੀਟਿੰਗ ਦੌਰਾਨ ਰਸੋਖਾਨਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੀਤਾ | ਮੁੱਖ ਬੁਲਾਰੇ ਭਾਈ ਅਮਰੀਕ ਸਿੰਘ ਬੱਲੋਵਾਲ ਨੇ ਆਖਿਆ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਜੋ ਗੱਲਾਂ ਸੰਗਤਾਂ ਸਾਹਮਣੇ ਰੱਖੀਆਂ ਉਸ ਨਾਲ ਇਹ ਸਾਬਤ ਹੋ ਗਿਆ ਕਿ ਜੋ ਰਿਪੋਰਟ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਸੰਬੰਧੀ ਪੇਸ਼ ਕੀਤੀ ਸੀ, ਉਹ ਰਿਪੋਰਟ ਸਹੀ ਅਤੇ ਸਪਸ਼ਟ ਸੀ | ਜਿਸ ਸੰਬੰਧੀ ਪੰਜਾਬ ਸਰਕਾਰ ਤੇ ਨੁਮਾਇੰਦਿਆਂ ਨੇ ਮੰਨਿਆ ਕਿ ਇੱਥੇ ਕਿਸੇ ਕਿਸਮ ਦੀ ਕੋਈ ਕੁਤਾਹੀ ਨਹੀਂ ਹੋ ਰਹੀ ਅਤੇ ਪਾਵਨ ਸਰੂਪਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ | ਉਨ੍ਹਾਂ ਆਖਿਆ ਕਿ ਇਸ ਮਾਮਲੇ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਜਥੇਬੰਦੀਆਂ ਨੇ ਪੂਰਾ ਸਹਿਯੋਗ ਦਿੱਤਾ | ਉਹਨਾਂ ਆਖਿਆ ਕਿ ਪਾਵਨ ਸਰੂਪਾਂ ਦੇ ਮਾਮਲੇ 'ਚ ਪ੍ਰਬੰਧਕ ਕਮੇਟੀ ਵਲੋਂ 25 ਜਨਵਰੀ ਨੂੰ ਮਜਾਰਾ ਰਾਜਾ ਸਾਹਿਬ ਦੇ ਰਸੋਖਾਨਾ ਵਿਖੇ ਸ਼ੁਕਰਾਨਾ ਸਮਾਗਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ, ਸਮੂਹ ਜਥੇਬੰਦੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਸਮੇਂ ਪੂਰਾ ਸਹਿਯੋਗ ਦਿੱਤਾ | ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਕੁਝ ਅਨਸਰਾਂ ਵਲੋਂ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਉਦਾਸੀ ਮੱਤ, ਨਿਰਮਲੇ, ਨਾਨਕਸਰ, ਹਰਖੋਵਾਲ, ਰਾੜਾ ਸਾਹਿਬ, ਰਤਵਾੜਾ ਸਾਹਿਬ ਅਤੇ ਨਿਹੰਗ ਜਥੇਬੰਦੀਆਂ ਸਿੱਖ ਕੌਮ ਦਾ ਹਿੱਸਾ ਹਨ | ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਾ ਸਤਿਕਾਰ ਵਿਸ਼ਵਾਸ ਰੱਖਦੀਆਂ ਹਨ | ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਜਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ | ਉਹਨਾਂ ਆਖਿਆ ਕਿ ਇਸ ਮਾਮਲੇ 'ਚ ਸਾਰਾ ਰਿਕਾਰਡ ਮੁਕੰਮਲ ਹੋਣ 'ਤੇ ਸਰਕਾਰ ਵੱਲੋਂ ਵੀ ਸਪਸ਼ਟ ਕੀਤਾ ਗਿਆ ਕਿ ਕਿਸੇ ਵੀ ਕਮੇਟੀ ਮੈਂਬਰ 'ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ | ਜਿਸ ਨਾਲ ਇਸ ਮਾਮਲੇ ਨੂੰ ਸੁਲਝਾਇਆ ਗਿਆ | ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਸਿਆਣ, ਕੁਲਵੰਤ ਸਿੰਘ ਹੀਰ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ, ਜਸਬੀਰ ਸਿੰਘ ਨੂਰਪੁਰ, ਪਰਮਜੀਤ ਕੌਰ ਪ੍ਰਧਾਨ ਹਸਪਤਾਲ ਕਮੇਟੀ, ਗੁਰਦੀਪ ਸਿੰਘ ਬੱਬਾ, ਸੋਹਣ ਸਿੰਘ, ਕਰਨੈਲ ਸਿੰਘ, ਸ਼ਿੰਗਾਰਾ ਸਿੰਘ, ਗੁਰਦਿਆਲ ਸਿੰਘ ਐਡਵੋਕੇਟ ਆਦਿ ਹਾਜ਼ਰ ਸਨ |