22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਕੁੱਲ ਹਿੰਦ ਕਿਸਾਨ ਸਭਾ ਵਲੋਂ ਨਵੀਂ ਪਾਲਿਸੀ ਨੂੰ ਰੱਦ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸੌਂਪਿਆ

ਰਾਏਕੋਟ, 21 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਕੁੱਲ ਹਿੰਦ ਕਿਸਾਨ ਸਭਾ ਦੇ ਸੱਦੇ ਤਹਿਤ ਅੱਜ ਤਹਿਸੀਲ ਰਾਏਕੋਟ ਵਲੋਂ ਏ. ਆਰ.

ਅਜੀਤ ਡੈਸਕ 22-10-2026
ਰਾਏਕੋਟ, 21 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਕੁੱਲ ਹਿੰਦ ਕਿਸਾਨ ਸਭਾ ਦੇ ਸੱਦੇ ਤਹਿਤ ਅੱਜ ਤਹਿਸੀਲ ਰਾਏਕੋਟ ਵਲੋਂ ਏ.ਆਰ. ਰਾਏਕੋਟ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ-ਪੱਤਰ ਭੇਜਿਆ ਗਿਆ। ਇਹ ਮੰਗ ਪੱਤਰ ਕਿਸਾਨਾਂ ਦੇ ਖੇਤੀ ਕਰਜ਼ਿਆਂ ਨਾਲ ਸਬੰਧਿਤ ਹਾਲ ਹੀ ਵਿਚ ਜਾਰੀ ਕੀਤੀ ਗਈ ‘ਕੇ.ਸੀ.ਸੀ. ਪਾਲਿਸੀ-2026’ ਦੇ ਪੱਤਰ ਦੇ ਹੁਕਮਾਂ ਨੂੰ ਤੁਰੰਤ ਰੱਦ ਕਰਵਾਉਣ ਦੀ ਮੰਗ ਸਬੰਧੀ ਦਿੱਤਾ ਗਿਆ ਹੈ। ਇਸ ਮੌਕੇ ਜਥੇਬੰਦੀ ਦੇ ਆਗੂਆਂ ਵਲੋਂ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਜ਼ੋਰਦਾਰ ਰੋਸ ਪ੍ਰਗਟ ਕੀਤਾ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਜੀਤ ਸਿੰਘ ਗਰੇਵਾਲ ਨੇ ਗੱਲਬਾਤ ਕਰਦਿਆਂ ਕਥਿਤ ਦੋਸ਼ ਲਗਾਏ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸੂਬੇ ਦੀਆਂ ਉਨ੍ਹਾਂ ਸਹਿਕਾਰੀ ਸਭਾਵਾਂ ਨੂੰ ਖ਼ਤਮ ਕਰਨ ਵਲ ਵਧ ਰਹੀ ਹੈ, ਜੋ ਪਿੰਡਾਂ ਵਿਚ ਰਹਿ ਕੇ ਕਿਸਾਨਾਂ ਨੂੰ ਖੇਤੀਬਾੜੀ ਲਈ ਆਸਾਨੀ ਨਾਲ ਆਰਥਿਕ ਮਦਦ ਮੁਹੱਈਆਂ ਕਰਵਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ ਅਤੇ ਚੰਡੀਗੜ੍ਹ ਦੇ ਪੱਤਰ ਰਾਹੀਂ ਸੋਧੇ ਹੋਏ ਸਕੇਲ ਆਫ਼ ਫਾਈਨਾਂਸ ਅਨੁਸਾਰ ਹੱਦ ਕਰਜ਼ੇ ਤਿਆਰ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗਾਂ ਕਰਕੇ ਅਧਿਕਾਰੀਆਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਨਵੀਂ ਕੇ.ਸੀ.ਸੀ. ਪਾਲਿਸੀ 202 6 ਅਨੁਸਾਰ ਹੀ ਹੱਦ ਕਰਜ਼ੇ ਬਣਾਏ ਜਾਣ, ਜਿਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਗਿਰਫ਼ਤ ਵਿਚ ਰੱਖਣ ਜਾਂ ਹੋਰ ਸ਼ਰਤਾਂ ਤਹਿਤ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦਾ ਇਹ ਫ਼ੈਸਲਾ ਸਹਿਕਾਰੀ ਸਭਾਵਾਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਡੂੰਘੀ ਸਾਜ਼ਿਸ਼ ਨੂੰ ਦਰਸਾਉਂਦਾ ਹੈ। ਕੁੱਲ ਹਿੰਦ ਕਿਸਾਨ ਸਭਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨੁਕਸਾਨਦੇਹ ਪਾਲਿਸੀ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸਦੇ ਨਾਲ ਹੀ ਖੇਤੀ ਕਰ ਰਹੇ ਕਿਸਾਨਾਂ ਦੇ ਹੱਦ ਕਰਜ਼ਿਆਂ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਉਹ ਸਮੇਂ ਸਿਰ ਆਪਣੀ ਖੇਤੀ ਲਈ ਖਾਦ, ਬੀਜ ਅਤੇ ਹੋਰ ਜ਼ਰੂਰੀ ਖਰਚੇ ਪੂਰੇ ਕਰ ਸਕਣ।ਜਥੇਬੰਦੀ ਆਗੂਆਂ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਇਹ ਨਵੀਂ ਪਾਲਿਸੀ ਜਲਦੀ ਵਾਪਸ ਨਾ ਲਈ ਗਈ ਤਾਂ ਕਿਸਾਨ ਜਥੇਬੰਦੀਆਂ ਵਲੋਂ ਆਪਣੇ ਸੰਘਰਸ਼ ਨੂੰ ਵੱਡੇ ਪੱਧਰ ’ਤੇ ਤੇਜ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਮੰਗ ਪੱਤਰ ਦੇਣ ਸਮੇਂ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ, ਸਕੱਤਰ ਸੁਖਚੈਨ ਸਿੰਘ, ਮੀਤ ਪ੍ਰਧਾਨ ਪਰਵਿੰਦਰ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਮਾ. ਫਕੀਰ ਚੰਦ ਦੱਧਾਹੂਰ, ਹਰਜਿੰਦਰ ਸਿੰਘ, ਡੀ.ਵਾਈ.ਐੱਫ.ਆਈ. ਸਕੱਤਰ ਸੁਖਦੀਪ ਸਿੰਘ ਗਰੇਵਾਲ, ਬਲਦੇਵ ਸਿੰਘ ਲਤਾਲਾ, ਕੁਲਦੀਪ ਸਿੰਘ, ਅਜਮੇਰ ਸਿੰਘ, ਜਗਰੂਪ ਸਿੰਘ ਲਤਾਲਾ , ਬਲਜੀਤ ਸਿੰਘ ਲਤਾਲਾ, ਅਵਤਾਰ ਸਿੰਘ ਗਿੱਲ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਈਕਲ ਰਾਹੀਂ ‘ਭਾਰਤ ਦਰਸ਼ਨ ਯਾਤਰਾ’ ’ਤੇ ਨਿਕਲੇ ਰੌਸ਼ਨ ਮੁੰਸ਼ੀ ਦਾ ਮੰਡੀ ਮੁੱਲਾਂਪੁਰ ’ਚ ਸਨਮਾਨ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 24 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।