ਹਠੂਰ, 7 ਮਈ (ਜਸਵਿੰਦਰ ਸਿੰਘ ਛਿੰਦਾ)-ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਹਠੂਰ ਇਲਾਕੇ ਦੀਆਂ ਸਹਿਕਾਰੀ ਸਭਾਵਾਂ ਮੁਕੰਮਲ ਬੰਦ ਰਹੀਆਂ | ਇਸ ਸੰਬੰਧੀ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਬਹੁ ਮੰਤਵੀ ਸਹਿਕਾਰੀ ਸਭਾ ਰਸੂਲਪੁਰ ਦੇ ਸੈਕਟਰੀ ਲਖਵੀਰ ਸਿੰਘ ਰਸੂਲਪੁਰ, ਸਹਿਕਾਰੀ ਸਭਾ ਦੇਹੜਕਾ ਦੇ ਸੈਕਟਰੀ ਰਾਜਵੀਰ ਸਿੰਘ ਰਾਜਾ ਧਾਲੀਵਾਲ ਨੇ ਦੱਸਿਆ ਕਿ ਕੋਆਪ੍ਰੇਟਿਵ ਬੈਂਕ ਵਲੋਂ ਨਵੇਂ ਐੱਮ.ਸੀ.ਐੱਲ. ਲਾਗੂ ਨਾ ਕਰਨ ਦੇ ਰੋਸ ਵਜੋਂ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ 7 ਮਈ ਤੋਂ 10 ਮਈ ਤੱਕ ਪੰਜਾਬ ਦੀਆਂ ਸਮੂਹ ਸਭਾਵਾਂ ਨੂੰ ਬੰਦ ਰੱਖਣ ਦੇ ਸੱਦੇ ਨੂੰ ਇੰਨ-ਬਿੰਨ ਲਾਗੂ ਕਰਦਿਆਂ ਹਠੂਰ ਇਲਾਕੇ ਦੇ ਪਿੰਡਾਂ ਦੀਆਂ ਰਸੂਲਪੁਰ, ਦੇਹੜਕਾ, ਚਕਰ, ਲੱਖਾ, ਭੰਮੀਪੁਰਾ ਕਲਾਂ, ਡੱਲਾ, ਮੱਲ੍ਹਾ, ਹਠੂਰ ਵਿਖੇ ਮੁਕੰਮਲ ਹੜਤਾਲ ਕੀਤੀ ਗਈ ਹੈ ਅਤੇ 10 ਜੂਨ ਤੱਕ ਰੋਸ ਵਜੋਂ ਬੰਦ ਰਹਿਣਗੀਆਂ | ਉਨ੍ਹਾਂ ਦੱਸਿਆ ਕਿ ਸਰਕਾਰਾਂ ਵਲੋਂ ਕਿਸਾਨਾਂ ਦੇ ਹੱਦ ਕਰਜ਼ਿਆਂ ਨੂੰ ਵਧਾਇਆ ਸੀ ਪਰ ਹੁਣ ਬਣਦੀ ਰਕਮ ਦਿੱਤੀ ਨਹੀਂ ਜਾ ਰਹੀ, ਜਿਸ ਕਰਕੇ ਕਿਸਾਨਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ | ਇਸੇ ਸਬੰਧ ਵਿਚ ਉਨ੍ਹਾਂ ਦੀ ਜਥੇਬੰਦੀ ਦੇ ਸੱਦੇ 'ਤੇ ਅੱਜ ਤੋਂ ਪੰਜਾਬ ਭਰ 'ਚ 10 ਮਈ ਤੱਕ ਇਹ ਸਹਿਕਾਰੀ ਸਭਾਵਾਂ ਬੰਦ ਰੱਖ ਕੇ ਸਰਕਾਰ ਪ੍ਰਤੀ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ | ਇੱਥੇ ਦੱਸਣਯੋਗ ਹੈ ਕਿ ਭਾਵੇਂ ਸਹਿਕਾਰੀ ਸਭਾਵਾਂ ਬੰਦ ਹੋਣ ਕਾਰਨ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ ਦੀ ਬੀਜ ਬਿਜਾਈ ਸਬੰਧੀ ਮੁਸ਼ਕਿਲਾਂ ਆ ਰਹੀ ਹੈ ਪਰ ਕਿਸਾਨਾਂ ਵਲੋਂ ਇਸ ਹੜਤਾਲ ਦੇ ਸੱਦੇ ਦਾ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ |