ਸਿੱਧਵਾਂ ਬੇਟ, 7 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਲੇਮਪੁਰਾ ਦੀ ਪੰਚਾਇਤ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰੰਚਾਰਜ ਡਾ. ਕੇ.ਐੱਨ.ਐੱਸ. ਕੰਗ ਦੀ ਬਦੌਲਤ 20 ਏਕੜ ਪੰਚਾਇਤੀ ਜ਼ਮੀਨ ਨੂੰ ਕਬਜ਼ਾ ਮੁਕਤ ਕਰ ਲਿਆ ਗਿਆ | ਜਿਸ ਨਾਲ ਪਿੰਡ ਦੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਹੈ | ਇਸ ਮੌਕੇ ਮਾਲ ਵਿਭਾਗ ਅਤੇ ਪੰਚਾਇਤੀ ਵਿਭਾਗ ਦੇ ਕਰਮਚਾਰੀ ਵੀ ਹਾਜ਼ਰ ਸਨ | ਹੋਰ ਜਾਣਕਾਰੀ ਦਿੰਦੇ ਹੋਏ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਕਈ ਪਰਿਵਾਰ ਲੰਬੇ ਸਮੇਂ ਤੋਂ ਕਾਬਜ਼ ਸਨ | ਜਿਸ ਦਾ ਪੁਲਿਸ ਪ੍ਰਸ਼ਾਸਨ ਤੇ ਮਾਲ ਵਿਭਾਗ ਦੀ ਹਾਜ਼ਰੀ ਵਿਚ ਕਬਜ਼ਾ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੀ ਕਰੀਬ 20 ਏਕੜ ਜ਼ਮੀਨ ਜਿਸ ਦੀ ਮਾਲ ਵਿਭਾਗ ਵਲੋਂ ਮਿਣਤੀ ਕਰਵਾ ਕੇ ਬੁਰਜੀਆਂ ਲਗਾ ਦਿੱਤੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਨੂੰ ਬਾ-ਅਦਾਲਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਲੁਧਿਆਣਾ ਦੇ ਹੁਕਮ ਮਿਤੀ 08/05/2024 ਦੇ ਅਧਾਰ ਹਟਾਇਆ ਗਿਆ ਹੈ | ਮੌਕੇ 'ਤੇ ਮੌਜੂਦ ਸਲੇਮਪੁਰਾ ਦੇ ਸਰਪੰਚ ਦਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਦੇ ਇਸ 20 ਏਕੜ ਰਕਬੇ ਤੇ ਕਈ ਦਹਾਕਿਆਂ ਤੋਂ ਕੁਝ ਪਰਿਵਾਰਾਂ ਨੇ ਕਬਜ਼ਾ ਜਮਾਇਆ ਹੋਇਆ ਸੀ | ਬਹੁਤ ਸਾਰੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਨਾਜਾਇਜ਼ ਕਬਜ਼ੇ ਛੁਡਾਉਣ ਵੱਲ ਧਿਆਨ ਨਹੀਂ ਦਿੱਤਾ | ਸਗੋਂ ਨਾਜਾਇਜ਼ ਕਬਜਾਧਾਰਕਾਂ ਤੋਂ ਉਨ੍ਹਾਂ ਦੇ ਮੰਤਰੀਆਂ ਵਲੋਂ ਮੁੱਠੀਆਂ ਗਰਮ ਕੀਤੀਆਂ ਜਾਂਦੀਆਂ ਸਨ | ਉਨ੍ਹਾਂ ਆਖਿਆ ਕਿ ਹਲਕਾ ਇੰਚਾਰਜ ਕੰਗ ਦੀ ਬਦੌਲਤ ਹੀ ਪਿੰਡ ਸਲੇਮਪੁਰਾ ਨੂੰ ਕਰੀਬ 20 ਏਕੜ ਜ਼ਮੀਨ ਮਿਲੀ ਹੈ, ਜਿਸ ਨਾਲ ਪਿੰਡ ਦੀ ਕਮਾਈ ਵਿਚ ਸਾਲਾਨਾ ਵਾਧਾ ਹੋਇਆ ਹੈ | ਇਸ ਮੌਕੇ ਥਾਣਾ ਸਿੱਧਵਾਂ ਬੇਟ ਦੇ ਮੁਖੀ ਐੱਸ.ਆਈ. ਅਮਰਜੀਤ ਸਿੰਘ ਗਿੱਲ ਵੀ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ | ਇਸ ਮੌਕੇ ਕਾਨੂੰਗੋ ਅਭਿਸ਼ੇਕ ਚੋਪੜਾ, ਮਾਲ ਪਟਵਾਰੀ ਸੁਖਵਿੰਦਰ ਸਿੰਘ, ਅਮਨਿੰਦਰ ਸਿੰਘ, ਪਟਵਾਰੀ ਗੁਰਸ਼ਰਨ ਸਿੰਘ ਭੰਦੋਲ, ਸੈਕਟਰੀ ਗੁਰਮੀਤ ਸਿੰਘ, ਟੀ.ਏ. ਸੁਖਜਿੰਦਰ ਸਿੰਘ, ਜੀ.ਆਰ.ਐੱਸ. ਲਵਪ੍ਰੀਤ ਸਿੰਘ, ਪੰਚ ਲਹਿੰਬਰਜੀਤ ਸਿੰਘ, ਪ੍ਰਧਾਨ ਪ੍ਰੀਤਮ ਸਿੰਘ, ਗੰਗਾ ਸਿੰਘ, ਡਾ: ਗੁਰਪ੍ਰੀਤ ਸਿੰਘ, ਡਾ. ਕੁਲਵਿੰਦਰ ਸਿੰਘ, ਪੰਚ ਬਲਜਿੰਦਰ ਸਿੰਘ, ਬਖਸ਼ਿੰਦ ਤੂਰ, ਗੁਰਕੀਰਤ ਸਿੰਘ, ਫੌਜੀ ਅਜੀਤ ਸਿੰਘ, ਗੁਰਸੇਵਕ ਸਿੰਘ ਸਿੰਮਕ, ਰਾਜਦੀਪ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |