15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕਣਕ ਦੇ ਘੱਟ ਨਿਕਲ ਰਹੇ ਝਾੜ ਨੇ ਕਿਸਾਨਾਂ ਦਾ ਲੱਕ ਤੋੜਿਆ

ਅਜੀਤ ਡੈਸਕ 15-04-2026
ਜਗਰਾਉਂ, 14 ਅਪ੍ਰੈਲ (ਗੁਰਦੀਪ ਸਿੰਘ ਮਲਕ)-ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਕੁਦਰਤ ਦੀ ਮਾਰ ਪੈ ਰਹੀ ਹੈ, ਜਿਸ ਕਾਰਨ ਕਿਸਾਨਾਂ ਦੇ ਕਰਜ਼ ਦਾ ਭਾਰ ਘੱਟਣ ਦੀ ਥਾਂ ਵਧ ਰਿਹਾ ਹੈ | ਸੂਬੇ ਦਾ ਕਿਸਾਨ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਤੋਂ ਹਾਲੇ ਤੱਕ ਉੱਭਰਿਆ ਨਹੀਂ ਸੀ ਕਿ ਕਿਸਾਨਾਂ ਨੂੰ ਹੁਣ ਕਣਕ ਦੀ ਫ਼ਸਲ ਦੇ ਘੱਟ ਰਹੇ ਝਾੜ ਨੇ ਝੰਬ ਕੇ ਰੱਖ ਦਿੱਤਾ ਹੈ | ਇਸ ਵਾਰ ਬੇਮੌਸਮੀ ਬਾਰਸ਼ਾਂ ਅਤੇ ਮਾਰਚ ਮਹੀਨੇ ਦੇ ਸ਼ੁਰੂ 'ਚ ਪਈ ਇਕਦਮ ਗਰਮੀ ਕਾਰਨ ਕਣਕ ਦਾ ਦਾਣਾ ਜਿੱਥੇ ਸੁਗੜ ਗਿਆ ਹੈ, ਉੱਥੇ ਕਈ ਖੇਤਾਂ 'ਚ ਕਣਕ ਦੇ ਦਾਣੇ ਦੀ ਗੁਣਵੱਤਾ ਵੀ ਖਰਾਬ ਹੋਈ ਹੈ | ਮਾਰਚ ਮਹੀਨੇ ਦੀ ਸ਼ੁਰੂਆਤ ਦੌਰਾਨ ਜੋ ਕਣਕ ਦੀ ਫ਼ਸਲ ਦਾ ਦਾਣਾ ਤਿਆਰ ਹੋ ਰਿਹਾ ਸੀ, ਉਸ ਮੌਕੇ ਗਰਮੀ ਨੇ ਪੂਰੀ ਤਰ੍ਹਾਂ ਕਣਕ ਦੇ ਦਾਣਿਆਂ ਨੂੰ ਵਿਕਸਿਤ ਹੀ ਨਹੀਂ ਹੋਣ ਦਿੱਤਾ | ਜਿਸ ਕਾਰਨ ਕਣਕ ਦਾ ਝਾੜ ਕਈ ਥਾਂਈ ਪ੍ਰਤੀ ਏਕੜ 14 ਤੋਂ 15 ਕੁਇੰਟਲ ਤੱਕ ਹੀ ਰਹਿ ਗਿਆ ਹੈ, ਬੇਸ਼ੱਕ ਅਗੇਤੀ ਕਣਕਾਂ ਦਾ ਝਾੜ ਵੱਧ ਨਿਕਲ ਰਿਹਾ ਹੈ, ਪਰ ਪਿਛੇਤੀਆਂ ਕਣਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਇਸਦੇ ਨਾਲ ਹੀ ਪੱਕੀ ਫ਼ਸਲ 'ਤੇ ਬੇਮੌਸਮੀ ਬਾਰਿਸ਼ ਪੈਣ ਕਾਰਨ ਕਣਕ ਦੇ ਦਾਣਾ ਦੇ ਕਾਲੇ ਹੋਣ ਦੇ ਮਾਮਲੇ ਸਾਹਮਣੇ ਆਏ ਹਨ | ਜਿੰਨ੍ਹਾਂ ਦੀ ਖ਼ਰੀਦ ਕਰਨ ਤੋਂ ਖ਼ਰੀਦ ਏਜੰਸੀਆਂ ਕੰਨੀ ਕਤਰਾ ਰਹੀਆਂ ਹਨ | ਇਕ ਖ਼ਰੀਦ ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਕਣਕ ਦਾ ਦਾਣਾ ਬਹੁਤ ਹੀ ਬਰੀਕ ਹੈ, ਜਿਸ 'ਚ ਗੁੱਦਾ ਤਾਂ ਨਾ ਮਾਤਰ ਹੈ | ਇਸਦੇ ਨਾਲ-ਨਾਲ ਕਣਕ ਦਾ ਰੰਗ ਵੀ ਬਦਰੰਗ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਕੇਂਦਰੀ ਖੁਰਾਕ ਵਿਭਾਗ ਦੀਆਂ ਟੀਮਾਂ ਵਲੋਂ ਮੰਡੀਆਂ 'ਚੋਂ ਕਣਕ ਦੇ ਸੈਂਪਲ ਇਕੱਤਰ ਕੀਤੇ ਜਾ ਰਹੇ ਹਨ, ਜੇਕਰ ਕੇਂਦਰ ਸਰਕਾਰ ਕਣਕ ਦੀ ਗੁਣਵੱਤਾ ਸਬੰਧੀ ਨਿਯਮਾਂ 'ਚ ਬਦਲਾਅ ਕਰਦੀ ਹੈ ਤਾਂ ਉਹ ਕਣਕ ਦੀ ਖ਼ਰੀਦ ਕਰਨਗੇ, ਨਹੀਂ ਤਾਂ ਖ਼ਰੀਦ ਏਜੰਸੀਆਂ ਲਈ ਇਹ ਵੱਡੀ ਮੁਸੀਬਤ ਬਣ ਜਾਵੇਗੀ | ਪਿੰਡ ਮਲਕ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਸਮੇਂ ਸਿਰ ਕਣਕ ਦੀ ਬਿਜਾਈ ਕੀਤੀ ਸੀ ਅਤੇ ਸਹੀ ਸਮੇਂ ਸਿਰ ਕਣਕ ਨੂੰ ਪਾਣੀ, ਸਪਰੇਅ ਅਤੇ ਖਾਦ ਪਾਈ ਸੀ, ਪਰ ਕਣਕ ਦਾ ਝਾੜ ਸਿਰਫ਼ ਇਸ ਵਾਰ 15 ਕੁਇੰਟਲ ਹੀ ਨਿਕਲਿਆ ਹੈ, ਜਿਸ ਨਾਲ ਉਸਦੇ ਖਰਚ ਵੀ ਪੂਰੇ ਨਹੀਂ ਹੋਣੇ | ਮੈਂਬਰ ਪੰਚਾਇਤ ਕੁਲਵੰਤ ਸਿੰਘ ਛੋਕਰ ਨੇ ਕਿਹਾ ਕਿ ਕਿਸਾਨਾਂ ਦੀ ਕਿਸਮਤ ਹੀ ਖਰਾਬ ਹੈ ਪਹਿਲਾਂ ਝੋਨੇ ਨੇ ਮਾਰਿਆ, ਹੁਣ ਆਲੂ ਨਹੀਂ ਵਿਕ ਰਹੇ, ਉਤੋਂ ਕਣਕ ਦੀ ਝਾੜ ਨੇ ਕਿਸਾਨਾਂ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ | ਵਰਨਣਯੋਗ ਹੈ ਕਿ ਪਿਛਲੇ ਸਾਲ ਵੀ ਕਣਕ ਦੀ ਝਾੜ ਕਾਫ਼ੀ ਘੱਟ ਸੀ ਅਤੇ ਝੋਨੇ ਪੱਕਣ ਦੇ ਸੀਜ਼ਨ ਦੌਰਾਨ ਲਗਾਤਾਰ ਹੋਈ ਬਾਰਿਸ਼ਾਂ ਅਤੇ ਪੰਜਾਬ 'ਚ ਆਏ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਵੀ ਖਰਾਬ ਹੋ ਗਈ ਸੀ | ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਲੁਧਿਆਣਾ ਦੇ ਮੁਖੀ ਡਾ: ਗੁਰਦੀਪ ਸਿੰਘ ਨੇ ਦੱਸਿਆ ਕਿ ਜੋ ਕਣਕ ਦੀ ਫ਼ਸਲ ਅਗੇਤੀ ਹੈ, ਉਸਦਾ ਝਾੜ ਸਹੀ ਹੈ, ਪਰ ਜੋ ਕਿਸਾਨਾਂ ਵਲੋਂ ਕਣਕ ਦੀ ਫ਼ਸਲ ਪਿਛੜ ਕੇ ਬੀਜੀ ਸੀ ਉਸਦਾ ਝਾੜ ਮੌਸਮ ਦੇ ਹੇਰਫੇਰ ਕਾਰਨ ਘੱਟ ਗਿਆ ਹੈ | ਦੂਜੇ ਪਾਸੇ ਆੜ੍ਹਤੀਆ ਆਗੂ ਸਰਪੰਚ ਹਰਪਾਲ ਸਿੰਘ ਹਾਂਸ ਨੇ ਕਿਹਾ ਕਿ ਸੂਬੇ 'ਚ ਇਹ ਕਿਸਾਨਾਂ ਦੀ ਚੌਥੀ ਫ਼ਸਲ ਹੈ, ਜਿਸ 'ਚ ਕਿਸਾਨਾਂ ਨੂੰ ਫਾਇਦਾ ਨਹੀਂ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਲਈ ਕੋਈ ਰਾਹਤ ਪੈਕੇਜ਼ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਦਾਖਾ ਅੰਬੇਡਕਰ ਭਵਨ ਵਿਖੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਲੁਧਿਆਣਾ ਦਿਹਾਤੀ ਪੁਲਿਸ ਵਲੋਂ ਮੁੱਲਾਂਪੁਰ-ਦਾਖਾ 'ਚ ਯੁੱਧ ਨਸ਼ਿਆਂ ਵਿਰੁੱਧ ਪੁਲਿਸ-ਪਬਲਿਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।