15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬੜੂੰਦੀ 'ਚ 20 ਦਿਨਾਂ ਬਾਅਦ ਮੁੜ ਟਰਾਂਸਫਾਰਮਰ ਚੋਰੀ ਕਰਨ ਆਏ ਚੋਰਾਂ ਨੂੰ ਕਿਸਾਨਾਂ ਨੇ ਭਜਾਇਆ

ਅਜੀਤ ਡੈਸਕ 15-04-2026
ਲੋਹਟਬੱਦੀ, 14 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਪੁਲਿਸ ਚੌਂਕੀ ਲੋਹਟਬੱਦੀ ਦੇ ਪਿੰਡਾਂ 'ਚ ਖੇਤਾਂ ਦੀਆਂ ਮੋਟਰਾਂ ਵਾਲੀਆਂ ਤਾਰਾਂ, ਸਟਾਰਟਰ ਅਤੇ ਖੇਤੀ ਸੈਕਟਰ ਲਈ ਟਰਾਂਸਫਾਰਮਰ ਚੋਰੀ ਕਰਨ ਵਾਲੇ ਚੋਰ ਗਿਰੋਹ ਨੇ ਕਿਸਾਨਾਂ ਦੀ ਨੀਂਦ ਹਰਾਮ ਕੀਤੀ ਪਈ ਹੈ ਪ੍ਰੰਤੂ ਪੁਲਿਸ ਚੌਂਕੀ ਲੋਹਟਬੱਦੀ ਕਿਸਾਨਾਂ ਦੇ ਜਾਨ-ਮਾਲ ਦੀ ਰਾਖੀ ਪੱਖੋਂ ਪੂਰੀ ਤਰਾਂ ਬੇਖਬਰ ਹੈ | ਇਸ ਦੇ ਚੱਲਦਿਆਂ ਬੀਤੀ ਰਾਤ ਪਿੰਡ ਬੜੂੰਦੀ ਵਿਖੇ ਰਸੂਲਪੂਰ ਵਾਲੀ ਸੜਕ 'ਤੇ 20 ਦਿਨਾਂ ਪਹਿਲਾਂ ਚੋਰੀ ਕੀਤੇ ਟਰਾਂਸਫਾਰਮਰਾਂ 'ਤੇ ਮੁੜ ਹੱਥ ਤਾਂ ਫੇਰ ਦਿੱਤਾ ਸੀ ਪ੍ਰੰਤੂ ਸਾਬਕਾ ਸਰਪੰਚ ਰਾਜਿੰਦਰ ਸਿੰਘ ਕਾਕਾ, ਸਿਕੰਦਰ ਸਿੰਘ, ਜਸਵਿੰਦਰ ਸਿੰਘ ਜੱਸੀ, ਲਖਵੀਰ ਸਿੰਘ ਅਤੇ ਹੋਰ ਕਿਸਾਨਾਂ ਵਲੋਂ ਅਚਾਨਕ ਹੀ ਆ ਜਾਣ ਕਾਰਨ ਚੋਰ ਗਿਰੋਹ ਦੇ ਮੈਂਬਰ ਬਲਕਾਰ ਸਿੰਘ ਜਰਮਨ ਪ੍ਰਧਾਨ ਖੇਤੀਬਾੜੀ ਸਭਾ ਬੜੂੰਦੀ ਅਤੇ ਕੁਲਵੰਤ ਸਿੰਘ ਪੰਨੂ ਦੇ ਖੇਤਾਂ 'ਚੋਂ ਚੋਰੀ ਕਰਨ ਦੀ ਕੋਸ਼ਿਸ਼ ਨਾਲ ਹੇਠਾਂ ਸੁੱਟੇ ਟਰਾਂਸਫਾਰਮਰ ਛੱਡ ਕੇ ਭੱਜਣ 'ਚ ਸਫ਼ਲ ਰਹੇ | ਇਸ ਘਟਨਾ ਸਬੰਧੀ ਰਾਜਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਚੋਰਾਂ ਵਲੋਂ ਬਲਕਾਰ ਸਿੰਘ ਜਰਮਨ ਦੇ ਟਰਾਂਸਫਾਰਮਰ ਦੀ ਬੁਰੀ ਤਰਾਂ ਭੰਨ ਤੋੜ ਕਰਕੇ ਤੇਲ, ਤਾਂਬਾ ਕੱਢ ਲਿਆ ਗਿਆ ਸੀ ਜਦਕਿ ਕੁਲਵੰਤ ਸਿੰਘ ਵਾਲੇ ਟਰਾਂਸਫਾਰਮਰ ਨੂੰ ਅਜੇ ਖੋਲ ਹੀ ਰਹੇ ਸਨ | ਕਿਸਾਨਾਂ ਦੀ ਹਲਚਲ ਹੁੰਦਿਆਂ ਹੀ ਉਹ ਚੋਰੀ ਦਾ ਮਾਲ ਅਤੇ ਆਪਣੇ ਪਾਨੇ, ਚਾਬੀਆਂ, ਪੇਚਕਸ ਛੱਡ ਕੇ ਇੱਕ ਕਰੇਟਾ ਗੱਡੀ 'ਚ ਸਵਾਰ ਹੋ ਕੇ ਪਿੰਡ ਬੜੂੰਦੀ ਤੋਂ ਰਛੀਨ ਅਤੇ ਕੁਝ ਵੱਖਰੀ ਗੱਡੀ ਰਾਹੀਂ ਲਤਾਲਾ ਵੱਲ ਨੂੰ ਭੱਜ ਗਏ | ਚੋਰ ਏਨੇ ਜ਼ਿਆਦਾ ਸੀਨਾਜ਼ੋਰ ਅਤੇ ਹੁਸ਼ਿਆਰ ਸਨ ਕਿ ਉਹ ਚੋਰੀ ਕਰਨ ਸਮੇਂ ਟਰਾਂਸਫਰਮਰਾਂ ਕੋਲ ਰਹਿ ਗਏ ਸਮਾਨ ਜਾਂ ਚੋਰੀ ਕੀਤੇ ਸਮਾਨ ਨੂੰ ਚੁੱਕਣ ਲਈ ਮੁੜ ਕੇ ਵੀ ਆ ਗਏ ਸਨ ਪ੍ਰੰਤੂ ਕਿਸਾਨਾਂ ਦੀ ਗਿਣਤੀ ਘੱਟ ਹੋਣ ਜਾਂ ਚੋਰਾਂ ਪਾਸ ਕੋਈ ਮਾਰੂ ਹਥਿਆਰ ਹੋਣ ਦੇ ਸ਼ੱਕ ਕਾਰਨ ਰਾਤ ਦੇ ਹਨੇਰੇ 'ਚ ਉਨਾਂ ਦਾ ਸਾਹਮਣਾ ਕਰਨਾ ਔਖਾ ਸੀ |
• (ਬਾਕੀ ਸਫਾ 6 'ਤੇ)
ਖੇਤੀਬਾੜੀ ਸਭਾ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਬਿੰਦਰੀ, ਅਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਭਾਵੇਂ ਟਰਾਂਸਫਰਮਰ ਚੋਰੀ ਹੋਣ ਤੋਂ ਬਚ ਗਏ ਪ੍ਰੰਤੂ ਚੋਰ ਟਰਾਂਸਫਾਰਮਰਾਂ ਦਾ ਕੀਮਤੀ ਸਮਾਨ ਹਥਿਆਉਣ ਲਈ ਭੰਨ ਤੋੜ ਦੀ ਕਥਿਤ ਕੋਸ਼ਿਸ਼ 'ਚ ਵੱਡਾ ਨੁਕਸਾਨ ਕਰ ਗਏ | ਇਸ ਸਬੰਧੀ ਭਾਵੇਂ ਅੱਜ ਪੁਲਿਸ ਚੌਂਕੀ ਲੋਹਟਬੱਦੀ ਇੰਚਾਰਜ ਬੂਟਾ ਖਾਂ ਨੇ ਘਟਨਾ ਸਥਾਨ ਦਾ ਦੌਰਾ ਕਰਦਿਆਂ ਤਾਂਬਾ ਆਦਿ ਕਿਸਾਨਾਂ ਨੂੰ ਸੰਭਾਲ ਦਿੱਤਾ ਜਦਕਿ ਚੋਰਾਂ ਦਾ ਘਟਨਾ ਸਥਾਨ 'ਤੇ ਰਹੇ ਪਾਨੇ, ਚਾਬੀਆਂ ਆਦਿ ਸਮਾਨ ਆਪਣੇ ਨਾਲ ਲੈ ਗਏ ਪ੍ਰੰਤੂ ਦੇਰ ਸ਼ਾਮ ਤੱਕ ਚੋਰਾਂ ਦੀ ਪੈੜ ਨੱਪਣ ਲਈ ਪਿੰਡ ਬੜੂੰਦੀ ਅਤੇ ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਨਹੀਂ ਗਿਆ ਅਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੋਈ ਮਾਮਲਾ ਵੀ ਦਰਜ ਨਹੀਂ ਕੀਤਾ ਗਿਆ | ਇਹੀ ਹਾਲ ਪਹਿਲਾਂ ਵਾਲੀ ਘਟਨਾ ਦਾ ਰਿਹਾ ਹੈ | ਸੰਪਰਕ ਕਰਨ 'ਤੇ ਬੂਟਾ ਖਾਂ ਚੌਂਕੀ ਇੰਚਾਰਜ ਨੇ ਕਿਹਾ ਕਿ ਬਣਦੀ ਕਾਰਵਾਈ ਲਈ ਉੱਚ ਅਧਿਕਾਰੀਆਂ ਨਾਲ ਗੱਲ ਕਰ ਰਿਹਾ ਹਾਂ |
ਨਵਾਂ ਟਰਾਂਸਫਾਰਮਰ ਲੈਣ ਲਈ ਕਿਸਾਨ ਬਿਜਲੀ ਮਹਿਕਮੇ ਦੀਆਂ ਕਰਦੇ ਨੇ ਮਿੰਨਤਾਂ!
ਚੋਰੀ ਦਾ ਸ਼ਿਕਾਰ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਪੰਜਾਬ ਰਾਜ ਊਰਜਾ ਨਿਗਮ (ਪੀ.ਐਸ.ਪੀ.ਸੀ.ਐਲ) ਦੇ ਅਧਿਕਾਰੀ ਆਪਣੇ ਪੱਧਰ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦੇ ਸਗੋਂ ਕਿਸਾਨਾਂ ਨੂੰ ਹੀ ਉਪ ਮੰਡਲ ਦਫ਼ਤਰ ਜਾ ਕੇ ਚੋਰੀ ਸਬੰਧੀ ਲਿਖਤੀ ਦਰਖਾਸਤ ਰਾਹੀਂ ਸੂਚਿਤ ਕਰਨਾ ਪੈਂਦਾ ਹੈ | ਫਿਰ ਇਸ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇਣ 'ਤੇ ਡੀ.ਡੀ.ਆਰ ਦਰਜ ਕਰਵਾਉਣ ਉਪਰੰਤ ਨਵਾਂ ਟਰਾਂਸਫਰਮਰ ਉਦੋਂ ਤੱਕ ਜਾਰੀ ਨਹੀਂ ਹੁੰਦਾ ਜਦੋਂ ਤੱਕ ਸਬੰਧਿਤ ਜੇ.ਈ ਦੀ ਮੁੱਠੀ ਗਰਮ ਨਹੀਂ ਕੀਤੀ ਜਾਂਦੀ | ਬੜੇ ਸਿਤਮ ਦੀ ਗੱਲ ਹੈ ਕਿ ਕੁਦਰਤੀ ਕਰੋਪੀ, ਸਰਕਾਰਾਂ ਦੀਆਂ ਗਲਤ ਨੀਤੀਆਂ, ਚੋਰ ਗਿਰੋਹ ਅਤੇ ਸਰਕਾਰੀ ਬਾਬੂਆਂ ਵਲੋਂ ਆਪਣੀ ਭਿ੍ਸ਼ਟ ਸੋਚ ਵਾਲੀ ਹਉਮੈ ਨੂੰ ਪੱਠੇ ਪਾਉਣ ਲਈ ਕਿਸਾਨਾਂ ਦਾ ਗਲ਼ਾ ਹੀ ਕਿਉਂ ਦਬਾਇਆ ਜਾ ਰਿਹਾ ਹੈ..? ਪਿਛਲੇ ਮਹੀਨੇ ਚੋਰੀ ਹੋਏ 4 ਟਰਾਂਸਫਰਮਰਾਂ ਸਬੰਧੀ ਜੇ.ਈ ਰਣਧੀਰ ਸਿੰਘ ਨੇ ਪੀੜਤ ਕਿਸਾਨਾਂ ਪਾਸੋਂ ਇਕ ਸਾਂਝੀ ਦਰਖਾਸਤ ਲੈਣ ਦੀ ਬਜਾਇ ਹਰ ਕਿਸਾਨ ਪਾਸੋਂ ਵੱਖਰੀ-ਵੱਖਰੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਕਿਸਾਨਾਂ ਨੂੰ ਪੁਲਿਸ ਚੌਂਕੀ ਲੋਹਟਬੱਦੀ ਵੱਲ ਨੂੰ ਤੋਰਿਆ ਗਿਆ ਜੋ ਕਿ ਕਈ ਦਿਨਾਂ ਤੱਕ ਪੁਲਿਸ ਕਾਰਵਾਈ ਅਤੇ ਨਵਾਂ ਟਰਾਂਸਫਾਰਮਰ ਲੈਣ ਲਈ ਦਫ਼ਤਰਾਂ ਦੀ ਖਾਕ ਛਾਣਦੇ ਰਹੇ | ਅੱਜ ਦੀ ਘਟਨਾ ਸਮੇਂ ਜਦੋਂ ਸਬੰਧਿਤ ਜੇ.ਈ ਰਣਧੀਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਕਿਸਾਨ ਉਨਾਂ ਨੂੰ ਲਿਖਤੀ ਸਿਕਾਇਤ ਪੇਸ਼ ਕਰਨਗੇ ਫਿਰ ਘਟਨਾ ਸਥਾਨ ਦਾ ਮੌਕਾ ਦੇਖਣ ਉਪਰੰਤ ਹੀ ਅਗਲੀ ਕਾਰਵਾਈ ਹੋਵੇਗੀ |
ਪਿਛਲੀ ਖ਼ਬਰ ਕੇਂਦਰੀ ਖੁਰਾਕ ਨਿਗਮ ਦੀ ਟੀਮ ਨੇ ਕਣਕ ਦੇ ਸੈਂਪਲ ਭਰੇ ਅਗਲੀ ਖ਼ਬਰ ਹਲਕਾ ਇੰਚਾਰਜ ਡਾ. ਕੰਗ ਅਤੇ ਚੇਅਰਮੈਨ ਨੇ ਸਿੱਧਵਾਂ ਬੇਟ ਦੇ ਮੁੱਖ ਖ਼ਰੀਦ ਕੇਂਦਰ ਵਿਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।