14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਟਾਕਾ ਫ਼ੈਕਟਰੀ 'ਚ ਧਮਾਕੇ ਤੋਂ ਬਾਅਦ ਪਿੰਡ ਜੋਧਾਂ ਹੋਇਆ ਆਰਮੀ ਤੇ ਪੁਲਿਸ ਛਾਉਣੀ 'ਚ ਤਬਦੀਲ

ਅਜੀਤ ਡੈਸਕ 03-04-2026
ਜੋਧਾਂ (ਲੁਧਿਆਣਾ), 2 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਸਥਿਤ ਕਸਬਾ ਜੋਧਾਂ ਵਿਖੇ ਲੰਘੀ ਰਾਤ ਹੋਏ ਧਮਾਕੇ ਨੇ ਪਿੰਡ ਜੋਧਾਂ ਵਾਸੀਆਂ ਦੇ ਨਾਲ-ਨਾਲ ਸਥਾਨਕ ਪੁਲਿਸ ਅਤੇ ਆਰਮੀ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ |
ਦੱਸਣਯੋਗ ਹੈ ਕਿ ਪਿੰਡ ਜੋਧਾਂ ਵਿਖੇ ਆਸੀ ਰੋਡ ਸਥਿਤ ਇਕ ਨਿੱਜੀ ਘਰ ਵਿਚ ਨਾਜਾਇਜ਼ ਤੌਰ 'ਤੇ ਚੱਲ ਰਹੀ ਪਟਾਕਾ ਫ਼ੈਕਟਰੀ 'ਚ ਅਚਾਨਕ ਧਮਾਕਾ ਹੋਇਆ ਤੇ ਇਸ ਧਮਾਕੇ ਵਿਚ ਘਰ ਦੀ ਛੱਤ ਉਡ ਜਾਣ ਦੇ ਨਾਲ-ਨਾਲ ਇਕ ਵਿਅਕਤੀ ਦੀ ਮੌਤ ਅਤੇ ਦੋ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਸੀ | ਅੱਜ ਸਵੇਰ ਤੋਂ ਹੀ ਪੁਲਿਸ ਅਤੇ ਫ਼ੌਜ ਦੀ ਟੁਕੜੀ ਘਟਨਾ ਵਾਲੀ ਥਾਂ 'ਤੇ ਜਾਂਚ ਲਈ ਪੁੱਜ ਗਈ ਸੀ ਤੇ ਫ਼ੌਜ ਨੇ ਫ਼ੈਕਟਰੀ ਨੂੰ ਆਪਣੇ ਸੁਰੱਖਿਆ ਘੇਰੇ ਅਧੀਨ ਕਰਦਿਆਂ ਬਾਰੀਕੀ ਨਾਲ ਜਾਂਚ ਕੀਤੀ ਤੇ ਧਮਾਕੇਦਾਰ ਸਮੱਗਰੀ ਦੇ ਸੁਰਾਗ ਲੱਭਣ ਲਈ ਤਕਨੀਕੀ ਪੱਖਾਂ ਨੂੰ ਵਾਚਿਆ | ਫ਼ੌਜ ਦਾ ਇਹ ਆਪ੍ਰੇਸ਼ਨ ਲਗਭਗ 3-4 ਘੰਟੇ ਜਾਰੀ ਰਿਹਾ | ਇਸ ਦੌਰਾਨ ਆਰਮੀ ਵਲੋਂ ਘਟਨਾ ਵਾਲੀ ਥਾਂ 'ਤੇ ਭਾਰੀ ਗਿਣਤੀ ਵਿਚ ਪੁਲਿਸ ਅਤੇ ਆਰਮੀ ਸੈਨਿਕ ਤਾਇਨਾਤ ਕੀਤੇ ਗਏ ਸਨ ਤੇ ਨੇੜਲੇ ਘਰਾਂ ਦੀ ਤਾਲਾਬੰਦੀ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ | ਇਸ ਦੌਰਾਨ ਆਮ ਪਬਲਿਕ ਨੂੰ ਆਉਣ ਜਾਣ 'ਤੇ ਰੋਕ ਲੱਗੀ ਰਹੀ | ਫ਼ੌਜ ਵਲੋਂ ਘਟਨਾ ਸਥਾਨ ਤੋਂ ਮਿਲੀ ਸਮੱਗਰੀ ਨੂੰ ਨਸ਼ਟ ਕੀਤਾ ਗਿਆ | ਇਸ ਘਟਨਾ ਨੂੰ ਲੈ ਕੇ ਆਮ ਪਬਲਿਕ ਅੰਦਰ ਸਖ਼ਤ ਰੋਸ ਦੇਖਣ ਨੂੰ ਮਿਲਿਆ | ਡੀ.ਐੱਸ.ਪੀ. ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਇਕ ਵਿਅਕਤੀ ਦੀ ਮੌਤ ਅਤੇ ਦੋ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ | ਘਟਨਾ ਸਥਾਨ ਦੇ ਨੇੜਲੇ ਘਰ ਦੇ ਮਾਲਕ ਦਲਜੀਤ ਸਿੰਘ ਨਏ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਫ਼ੈਕਟਰੀ ਨਾਲ ਕੰਧ ਸਾਂਝੀ ਹੈ ਤੇ ਉਨ੍ਹਾਂ ਦੱਸਿਆ ਕਿ ਧਮਾਕੇ ਨਾਲ ਉਨ੍ਹਾਂ ਦੇ ਘਰ ਦੀ ਛੱਤ ਤਬਾਹ ਹੋ ਕੇ ਮਲਬੇ ਦੇ ਰੂਪ 'ਚ ਬਦਲ ਗਈ ਹੈ ਤੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਘਟਨਾ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਹਨ | ਸ੍ਰੀ ਜੋਧਾਂ ਨੇ ਆਖਿਆ ਕਿ ਇਹ ਗੰਭੀਰ ਮੁੱਦਾ ਅਤੇ ਅਹਿਮ ਜਾਂਚ ਦਾ ਵਿਸ਼ਾ ਹੈ | ਉਨ੍ਹਾਂ ਆਖਿਆ ਕਿ ਨਾਜਾਇਜ਼ ਤੌਰ 'ਤੇ ਚਲਾਈ ਜਾ ਰਹੀ ਇਸ ਫ਼ੈਕਟਰੀ ਦੇ ਚਾਲਕਾਂ ਨੂੰ ਕਿਸ ਦੀ ਸਰਪ੍ਰਸਤੀ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ | ਕਾਮਰੇਡ ਤਰਸੇਮ ਜੋਧਾਂ ਨੇ ਧਮਾਕੇ ਵਾਲੇ ਘਰ ਦਾ ਜਾਇਜ਼ਾ ਲੈਣ ਉਪਰੰਤ ਗੱਲ ਕਰਦਿਆਂ ਦਾਅਵਾ ਕੀਤਾ ਕਿ ਪਿੰਡ ਰਤਨ ਵਿਖੇ ਵੀ ਪਟਾਕਾ ਸਟੋਰ ਸਥਾਪਤ ਕੀਤਾ ਜਾ ਰਿਹਾ ਸੀ, ਪਰ ਗ੍ਰਾਮ ਪੰਚਾਇਤ ਰਤਨ ਅਤੇ ਨਗਰ ਦੇ ਸਹਿਯੋਗ ਨੇ ਪਿੰਡ ਰਤਨ ਵਿਖੇ ਇਸ ਨੂੰ ਸਥਾਪਿਤ ਨਹੀਂ ਹੋਣ ਦਿੱਤਾ | ਉਨ੍ਹਾਂ ਕਿਹਾ ਕਿ ਇਸ ਗੁਦਾਮ ਦੇ ਮਾਲਕਾਂ ਵਲੋਂ ਪਿੰਡ ਰਤਨ ਦੇ ਵਿਕਾਸ ਲਈ ਲੱਖਾਂ ਰੁਪਏ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਪਰ ਗ੍ਰਾਮ ਪੰਚਾਇਤ ਨੇ ਆਪਣੇ ਪਿੰਡ ਵਿਚ ਅਜਿਹਾ ਨਹੀਂ ਹੋਣ ਦਿੱਤਾ | ਕਾਮਰੇਡ ਜੋਧਾਂ ਨੇ ਅੱਗੇ ਕਿਹਾ ਕਿ ਇਹ ਪਟਾਕਾ ਫ਼ੈਕਟਰੀ ਨੇ ਪੁਲਿਸ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿ ਇੰਨੇ ਮਹੀਨਿਆਂ ਤੋਂ ਇਹ ਗੁਦਾਮ ਚੱਲ ਰਿਹਾ ਸੀ, ਪਰ ਪ੍ਰਸ਼ਾਸਨ ਨੂੰ ਇਸ ਦੀ ਭਿਣਕ ਨਹੀਂ ਪਈ | ਕਾਮਰੇਡ ਤਰਸੇਮ ਜੋਧਾਂ ਨੇ ਦਲਜੀਤ ਸਿੰਘ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਵਲੋਂ 'ਆਪ' ਪਾਰਟੀ ਦੇ ਜਗਰਾਉਂ ਲੀਗਲ ਸੈੱਲ ਦੇ ਨਵਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਰਾਏਕੋਟ ਕਿਸੇ ਵੀ ਹੜਤਾਲ 'ਚ ਹਿੱਸਾ ਨਹੀਂ ਲਵੇਗੀ-ਪ੍ਰਧਾਨ ਸੰਜੀਵ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।