14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੰਜਵੀਂ ਜਮਾਤ ਦੇ ਜਾਰੀ ਕਰਨ ਵਾਲੇ ਨੰਬਰ ਕਾਰਡ ਸੰਬੰਧੀ ਸਿੱਖਿਆ ਵਿਭਾਗ ਦੀ ਵੱਡੀ ਅਣਗਹਿਲੀ-ਜਨਮ ਮਿਤੀ ਦਾ ਕਾਲਮ ਗ਼ਾਇਬ

ਅਜੀਤ ਡੈਸਕ 03-04-2026
ਗੁਰੂਸਰ ਸੁਧਾਰ, 2 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਪੰਜਵੀਂ ਜਮਾਤ ਦੇ ਬੋਰਡ ਦੇ ਨਤੀਜੇ ਲਈ ਸਕੂਲ ਸਿੱਖਿਆ ਵਿਭਾਗ ਦੁਆਰਾ ਭੇਜੇ ਗਏ ਖ਼ਾਲੀ ਸਰਟੀਫਿਕੇਟਾਂ ਜਿਨ੍ਹਾਂ ਨੂੰ ਕਿ ਆਉਣ ਵਾਲੇ ਨਤੀਜਿਆਂ ਮੁਤਾਬਿਕ ਭਰਿਆ ਜਾਣਾ ਹੈ, ਵਿਚ ਵਿਭਾਗ ਦੀ ਵੱਡੀ ਅਣ-ਗਹਿਲੀ ਸਾਹਮਣੇ ਆਈ ਹੈ ਕਿ ਇਨ੍ਹਾਂ ਸਰਟੀਫਿਕੇਟਾਂ ਦੇ ਵਿਚ ਬੱਚੇ ਦੀ ਜਨਮ ਮਿਤੀ ਦਰਜ ਕਰਨ ਦਾ ਕਾਲਮ ਹੀ ਗ਼ਾਇਬ ਹੈ | ਰਾਜ ਵਿੱਦਿਅਕ ਖੋਜ਼ ਤੇ ਸਿਖਲਾਈ ਪ੍ਰੀਸ਼ਦ, ਸਕੂਲ ਸਿੱਖਿਆ ਵਿਭਾਗ, ਪੰਜਵੀਂ ਪ੍ਰੀਖਿਆ-2026 ਪ੍ਰਮਾਣ ਪੱਤਰ ਦੇ ਵਲੋਂ ਜਾਰੀ ਇਨ੍ਹਾਂ ਸਰਟੀਫਿਕੇਟਾਂ ਦੇ ਹੇਠਾਂ ਸੱਜੇ ਹੱਥ ਡਾਇਰੈਕਟਰ ਐੱਮ.ਸੀ.ਈ.ਆਰ.ਟੀ ਪੰਜਾਬ ਦੇ ਦਸਤਖ਼ਤ ਹਨ, ਜਦ ਕਿ ਖੱਬੇ ਪਾਸੇ ਸਬੰਧਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਲੋਂ ਦਸਤਖ਼ਤ ਕੀਤੇ ਜਾਣੇ ਹਨ | ਇਨ੍ਹਾਂ ਸਰਟੀਫਿਕੇਟਾਂ ਉੱਤੇ ਪ੍ਰੀਖਿਆਰਥੀ ਬੱਚੇ ਦੀ ਹਰ ਤਰ੍ਹਾਂ ਦੀ ਡਿਟੇਲ ਭਰੀ ਜਾਣੀ ਹੈ ਤੇ ਗਰੇਡ, ਅੰਕ ਪ੍ਰਤੀਸ਼ਤ ਆਦਿ ਭਰੇ ਜਾਣ ਤੋਂ ਇਲਾਵਾ ਜਨਮ ਮਿਤੀ ਦਾ ਕਿਤੇ ਵੀ ਦਰਜ ਨਾ ਹੋ ਸਕਣਾ ਵਿਭਾਗ ਦੀ ਵੱਡੀ ਕੁਤਾਹੀ ਮੰਨਿਆ ਜਾਵੇਗਾ, ਕਿਉਂਕਿ ਸਕੂਲੀ ਸਰਟੀਫਿਕੇਟਾਂ ਵਿਚ ਦਰਜ ਬੱਚੇ ਦੀ ਜਨਮ ਮਿਤੀ ਜ਼ਿੰਦਗੀ ਦੇ ਕਿਸੇ ਵੀ ਪਲ ਕੰਮ ਆ ਸਕਦੀ ਹੈ | ਇਸ ਮੁੱਦੇ 'ਤੇ ਪ੍ਰਗਟਾਵਾ ਕਰਦਿਆਂ ਬੀ.ਐੱਡ ਫਰੰਟ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਪੰਜਵੀਂ ਜਮਾਤ ਦਾ ਨੰਬਰ ਕਾਰਡ ਬੱਚਿਆਂ ਦੀ ਜਨਮ ਮਿਤੀ ਦੇ ਸਬੂਤ ਦੇ ਤੌਰ 'ਤੇ ਅਪਰ ਪ੍ਰਾਇਮਰੀ ਸਕੂਲਾਂ ਵਿਚ ਦਾਖ਼ਲਾ ਲੈਣ ਲਈ ਪੇਸ਼ ਕੀਤਾ ਜਾਂਦਾ ਹੈ, ਪਰ ਵਿਭਾਗ ਨੇ ਅਣ-ਗੌਲਿਆਂ ਕਰਦਿਆਂ ਇਸ ਵਾਰ ਬਹੁਤ ਵੱਡੀ ਭੁੱਲ ਕੀਤੀ ਹੈ | ਉਨ੍ਹਾਂ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਇਸ ਅਣ-ਗਹਿਲੀ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਜਿਥੇ ਬੱਚਿਆਂ ਦੇ ਨੰਬਰ ਕਾਰਡ ਨਵੇਂ ਸਿਰੇ ਤੋਂ ਜਾਰੀ ਕੀਤੇ ਜਾਣ ਉਥੇ ਭਵਿੱਖ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੁਸ਼ਕਿਲ 'ਤੇ ਕੁਤਾਹੀ ਨੂੰ ਧਿਆਨ ਵਿਚ ਲਿਆਉਣ ਲਈ ਅਧਿਆਪਕਾਂ ਦੁਆਰਾ ਬੀ.ਪੀ.ਈ.ਓ. ਸੁਧਾਰ ਮਨਜੀਤ ਸਿੰਘ ਗਰੇਵਾਲ ਨਾਲ ਮੀਟਿੰਗ ਵੀ ਕੀਤੀ ਗਈ | ਇਸ ਮੌਕੇ ਬਲਾਕ ਪ੍ਰਧਾਨ ਅਮਨਦੀਪ ਸਿੰਘ, ਅਪਰ ਅਪਾਰ ਸਿੰਘ, ਇੰਦਰਜੀਤ ਸਿੰਘ ਮੁੱਲਾਂਪੁਰ, ਇੰਦਰਜੀਤ ਸਿੰਘ ਸਰਾਭਾ, ਅਵਤਾਰ ਸਿੰਘ, ਨਰਿੰਦਰ ਸਿੰਘ, ਬਾਬੂ ਲਾਲ, ਸਤਨਾਮ ਸਿੰਘ ਅਤੇ ਸੰਦੀਪ ਸਿੰਘ ਆਦਿ ਅਧਿਆਪਕ ਹਾਜ਼ਰ ਸਨ | ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਬੀ.ਪੀ.ਈ.ਓ. ਸੁਧਾਰ ਮਨਜੀਤ ਸਿੰਘ ਗਰੇਵਾਲ ਨਾਲ ਦੋ ਵਾਰ ਸੰਪਰਕ ਕੀਤਾ ਗਿਆ, ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |
ਪਿਛਲੀ ਖ਼ਬਰ ਬਲਬੀਰ ਕੌਰ ਰਾਏਕੋਟੀ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਭਾਰਤ ਇਕਾਈ ਦੀ ਚੇਅਰਪਰਸਨ ਨਿਯੁਕਤ ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਿਖੇ ਬਿਜਲੀ ਪਾਵਰ ਸਪਲਾਈ ਦੇ ਪ੍ਰਬੰਧਾਂ 'ਚ ਸੁਧਾਰ ਲਿਆਂਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।