ਜਗਰਾਉਂ, 1 ਅਪ੍ਰੈਲ (ਗਾਲਿਬ)-ਕਿਰਤੀ ਕਿਸਾਨ ਯੂਨੀਅਨ ਪੰਜਾਬ 6 ਅਪ੍ਰੈਲ ਨੂੰ ਕਿਸਾਨੀ ਮੰਗਾਂ ਸੰਬੰਧੀ ਹੋ ਰਹੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਵੇਗੀ | ਇਹ ਐਲਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਰਦਿਆਂ ਕਿਹਾ ਕਿ ਅੱਜ ਭਗਵੰਤ ਮਾਨ ਸਰਕਾਰ ਵੋਟਾਂ ਸਮੇਂ ਕੀਤੇ ਵਾਅਦਿਆਂ ਨੂੰ ਭੁਲਾ ਕੇ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਝੂਠ ਦਾ ਸਹਾਰਾ ਲੈ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਪਾਣੀ ਦਾ ਮਸਲਾ ਗੰਭੀਰ ਰੂਪ ਅਖਤਿਆਰ ਕਰ ਚੁੱਕਾ ਹੈ ਅਤੇ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਨਹੀਂ ਮਿਲ ਰਿਹਾ | ਸੂਬਾ ਪ੍ਰਧਾਨ ਸੰਧੂ ਨੇ ਕਿਹਾ ਕਿ ਕਰਜ਼ੇ ਕਾਰਨ ਆਏ ਦਿਨ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ, ਪਰ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਫ਼ਸਲੀ ਵਿਭਿੰਨਤਾ ਲਈ ਤਾਂ ਕਿਸਾਨਾਂ ਨੂੰ ਆਖਦੀਆਂ ਹਨ, ਪਰ ਐੱਮ.ਐੱਸ.ਪੀ. ਦੇਣ ਗੱਲ ਨਾ ਤਾਂ ਕੇਂਦਰ ਸਰਕਾਰ ਕਰਦੀ ਹੈ ਤੇ ਨਾ ਹੀ ਸੂਬਾ ਸਰਕਾਰ |