ਜਗਰਾਉਂ, 29 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ 'ਚ ਸਿੱਖਿਆ ਵਿਭਾਗ ਵਲੋਂ ਚਲਾਈ ਗਈ ਦਾਖ਼ਲਾ ਮੁਹਿੰਮ ਦੇ ਤਹਿਤ ਲੁਧਿਆਣਾ ਜ਼ਿਲ੍ਹੇ ਵਿਚ ਦਾਖ਼ਲਾ ਮੁਹਿੰਮ ਪ੍ਰਚਾਰ ਵੈਨ ਨੂੰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਹ ਸਕੂਲ ਦਾਖ਼ਲਾ ਮੁਹਿੰਮ ਵੈਨ ਸਕੂਲ ਆਫ ਐਮੀਨੈਂਸ ਜਗਰਾਉਂ ਵਿਖੇ ਪੁੱਜੀ | ਜਿੱਥੇ ਪਿ੍ੰਸੀਪਲ ਡਾ: ਗੁਰਵਿੰਦਰਜੀਤ ਸਿੰਘ, ਪਿ੍ੰ. ਮਨਪ੍ਰੀਤ ਸਿੰਘ, ਪਿ੍ੰ: ਹਰਪ੍ਰੀਤ ਸਿੰਘ, ਬੀ.ਪੀ.ਈ.ਓ. ਜਗਰਾਉਂ ਸੁਰਿੰਦਰ ਕੁਮਾਰ, ਬੀ.ਪੀ.ਈ.ਓ ਸਿੱਧਵਾਂ ਬੇਟ-1 ਇਤਬਾਰ ਸਿੰਘ ਤੇ ਹੋਰ ਪਿ੍ੰਸੀਪਲਾਂ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਅਤੇ ਸੈਕੰਡਰੀ) ਨੇ ਕਿਹਾ ਕਿ ਜਿੱਥੇ ਹਰੇਕ ਸਾਲ ਲੁਧਿਆਣਾ ਵਿਚ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਵੱਧ ਰਿਹਾ ਹੈ, ਉੱਥੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ | ਨਵੇਂ ਸੈਸ਼ਨ ਤੋਂ ਅਕਾਦਮਿਕ ਪੱਖ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਅਤੇ ਅਮਨਦੀਪ ਸਿੰਘ ਵਲੋਂ ਅਧਿਆਪਕਾਂ ਨੂੰ ਫੀਲਡ 'ਚ ਜਾ ਕੇ ਵੱਧ ਤੋਂ ਵੱਧ ਦਾਖ਼ਲਾ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸ. ਮਨਮੀਤ ਪਾਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਬੀ.ਆਰ.ਸੀ, ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ ਅਤੇ ਹੈੱਡ ਮਾਸਟਰ ਤੇ ਅਧਿਆਪਕ ਹਾਜ਼ਰ ਸਨ | ਇਥੇ ਇਹ ਦੱਸਣਯੋਗ ਹੈ ਕਿ ਇਹ ਦਾਖ਼ਲਾ ਪ੍ਰਚਾਰ ਵੈਨ ਅਗਲੇ ਤਿੰਨ ਦਿਨਾਂ ਦੌਰਾਨ ਜ਼ਿਲੇ੍ਹ ਦੇ 19 ਬਲਾਕਾਂ 'ਚ ਜਾਵੇਗੀ ਅਤੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਉਤਸ਼ਾਹਿਤ ਕਰੇਗੀ |