ਰਾਏਕੋਟ, 29 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਦੇ ਮਸ਼ਹੂਰ ਐਥਲੀਟ ਤੇ ਫਿਟਨੈੱਸ ਕੋਚ ਪਿੰਕਾ ਜਰਗ ਵਲੋਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਅਕਾਲ ਜੁਗਤ ਅਥਲੈਟਿਕਸ ਟੂਰਨਾਮੈਂਟ ਕਰਵਾਏ ਜਾ ਰਹੇ ਹਨ | ਜਿਸ ਵਿਚ ਪੰਜਾਬ ਭਰ ਤੋਂ ਵੱਖ-ਵੱਖ ਪਿੰਡਾਂ ਤੇ ਸਕੂਲਾਂ ਦੇ ਐਥਲੀਟਾਂ ਨੇ ਵੱਖ-ਵੱਖ ਗਰੁੱਪਾਂ ਵਿਚ ਭਾਗ ਲਿਆ | ਇੰਨ੍ਹਾਂ ਟੂਰਨਾਮੈਂਟਾਂ ਵਿਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਚੌਥੀ ਕਲਾਸ ਦੇ ਐਥਲੀਟ ਹਰਮੀਤ ਸਿੰਘ ਦੀਵਾਨਾ ਨੇ ਅੰਡਰ-11 ਗਰੁੱਪ ਦੀ 100 ਮੀਟਰ ਦੌੜ ਵਿਚ ਭਾਗ ਲੈਂਦਿਆਂ ਵੱਖ-ਵੱਖ ਪਿੰਡਾਂ ਦੇ ਟੂਰਨਾਮੈਂਟਾਂ ਵਿਚੋਂ 11 ਵਾਰ ਪਹਿਲਾ ਸਥਾਨ ਹਾਸਲ ਕਰਕੇ 11 ਸਾਈਕਲਾਂ ਸਮੇਤ ਹਜ਼ਾਰਾਂ ਰੁਪਏ ਦੇ ਨਕਦ ਇਨਾਮ ਆਪਣੀ ਝੋਲੀ ਪਾਏ | ਇਸ ਦੇ ਨਾਲ ਹੀ ਸਕੂਲ ਦੇ ਇਕ ਹੋਰ ਖਿਡਾਰੀ ਹਰਸਿਮਰਨ ਸਿੰਘ ਜੌਹਲਾਂ ਨੇ ਵੀ ਇੰਨ੍ਹਾਂ ਮੁਕਾਬਲਿਆਂ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਐਥਲੀਟ ਹਰਮੀਤ ਸਿੰਘ ਦੇ ਕੋਚ ਬਲਕਾਰ ਸਿੰਘ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ, ਜਿੰਨ੍ਹਾਂ ਦੀ ਬਦੌਲਤ ਹਰਮੀਤ ਸਿੰਘ ਦੀਵਾਨਾ ਅੱਜ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ | ਇਸ ਮੌਕੇ ਮੈਡਮ ਹਰਪ੍ਰੀਤ ਕੌਰ ਸਿੱਧੂ, ਹਰਜੋਤ ਸਿੰਘ ਸਿੱਧੂ, ਵੀਰਾ ਬਾਲੀ ਕੌੜਾ, ਮਨਪ੍ਰੀਤ ਕੌਰ ਬੱਸੀਆਂ, ਜਸਵਿੰਦਰ ਸਿੰਘ, ਮੈਡਮ ਵੀਰ ਕੌਰ, ਜਗਰੂਪ ਸਿੰਘ ਚਚਰਾੜੀ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |