ਜਗਰਾਉਂ, 22 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਅਖਾੜਾ ਵਿਖੇ ਬਾਇਓ ਗੈਸ ਪਲਾਂਟ ਨੂੰ ਲੈ ਕੇ ਪਿਛਲੇ ਡੇਢ ਸਾਲ ਤੋਂ ਚੱਲ ਰਿਹਾ ਲਗਾਤਾਰ ਧਰਨਾ ਅੱਜ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤ ਵਿਚਾਲੇ ਸਮਝੌਤੇ ਤੋਂ ਬਾਅਦ ਸਮਾਪਤ ਹੋ ਗਿਆ | ਪਿੰਡ ਅਖਾੜਾ ਵਿਚ ਪਿੰਡ ਵਾਸੀਆਂ ਦੇ ਏਕੇ ਸਦਕਾ ਇਹ ਦਿਨ-ਰਾਤ ਦਾ ਧਰਨਾ ਲਗਾਤਾਰ ਮਜ਼ਬੂਤੀ ਨਾਲ ਚੱਲਦਾ ਰਿਹਾ ਜਿਸਨੂੰ ਖ਼ਤਮ ਕਰਵਾਉਣ ਲਈ ਪ੍ਰਸ਼ਾਸਨ ਨੇ ਕਈ ਵਾਰ ਕੋਸ਼ਿਸ਼ ਕੀਤੀ, ਪਰ ਪਿੰਡ ਵਾਸੀ ਏਕਤਾ ਨਾਲ ਡਟੇ ਰਹੇ | ਸਮੇਂ-ਸਮੇਂ ਪ੍ਰਸ਼ਾਸਨ ਵਲੋਂ ਪਿੰਡ ਵਾਸੀਆਂ ਦੀਆਂ ਵੱਖ-ਵੱਖ ਮਾਹਿਰਾਂ ਨਾਲ ਮੀਟਿੰਗਾਂ ਵੀ ਕਰਵਾਈਆਂ ਗਈਆਂ ਤੇ ਪਿੰਡ ਵਾਸੀ ਸੰਤੁਸ਼ਟ ਨਾ ਹੋਏ | ਲੰਮੀ ਜੱਦੋ ਜਹਿਦ ਤੋਂ ਬਾਅਦ ਆਖ਼ਰ ਪ੍ਰਸ਼ਾਸਨ ਅਤੇ ਪੰਚਾਇਤ ਵਿਚਾਲੇ ਬਾਇਓ ਗੈਸ ਪਲਾਂਟ ਖਿਲਾਫ਼ ਧਰਨਾ ਖਤਮ ਕਰਨ 'ਤੇ ਸਹਿਮਤੀ ਬਣੀ | ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਵਿਚਾਲੇ ਪੂਰਨ ਭਰੋਸੇ ਬਾਅਦ ਪਿੰਡ ਦੀ ਪੰਚਾਇਤ ਨੇ ਗੈਸ ਪਲਾਂਟ ਨੂੰ ਪਿੰਡ ਤੋਂ ਦੋ ਕਿਲੋਮੀਟਰ ਦੂਰ ਕਰਨ ਲਈ ਪੰਚਾਇਤੀ ਜ਼ਮੀਨ ਨਾਲ ਤਬਾਦਲਾ ਕਰਨ ਦੀ ਸਹਿਮਤੀ ਦੇ ਦਿੱਤੀ | ਜ਼ਮੀਨ ਦੇ ਤਬਾਦਲੇ ਤੋਂ ਬਾਅਦ ਐਕਸ਼ਨ ਕਮੇਟੀ ਨੇ ਡੀ.ਸੀ. ਲੁਧਿਆਣਾ ਅੱਗੇ ਪਿੰਡ ਦੇ ਵਿਕਾਸ ਲਈ ਮੰਗਾਂ ਰੱਖੀਆਂ ਜਿੰਨ੍ਹਾਂ ਨੂੰ ਪ੍ਰਵਾਨ ਕਰਦਿਆਂ ਡੀ.ਸੀ. ਲੁਧਿਆਣਾ ਨੇ ਲਗਭਗ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ | ਅੱਜ ਪਿੰਡ ਦੀ ਪੰਚਾਇਤ, ਐਕਸ਼ਨ ਕਮੇਟੀ ਮੈਂਬਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਾਂਝੀ ਬੈਠਕ ਵਿਚ ਐੱਸ.ਡੀ.ਐੱਮ. ਉਪਿੰਦਰਜੀਤ ਕੌਰ ਬਰਾੜ, ਐੱਸ.ਪੀ. ਹੈੱਡਕੁਆਰਟਰ ਰਮਨਿੰਦਰ ਸਿੰਘ ਦਿਓਲ ਅਤੇ ਡੀ.ਐੱਸ.ਪੀ. ਜਸਵਿੰਦਰ ਸਿੰਘ ਨੇ ਧਰਨਾ ਖ਼ਤਮ ਕਰਨ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਐੱਸ.ਡੀ.ਐੱਮ ਉਪਿੰਦਰਜੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਯਤਨਾਂ ਸਦਕਾ ਪਿੰਡ ਅਖਾੜਾ ਨੂੰ ਵਿਕਾਸ ਮਾਡਲ ਵਜੋਂ ਵਿਕਸਿਤ ਕੀਤਾ ਜਾਵੇਗਾ ਤੇ ਪਿੰਡ ਅਖਾੜਾ ਦੇ ਵਿਕਾਸ ਲਈ ਲਗਭਗ 2 ਕਰੋੜ ਰੁਪਏ ਡੀ.ਸੀ. ਲੁਧਿਆਣਾ ਰਾਹੀਂ ਜਾਰੀ ਕੀਤੇ ਜਾਣਗੇ | ਇਸ ਮੌਕੇ ਐਕਸ਼ਨ ਕਮੇਟੀ ਮੈਂਬਰ ਗੁਰਤੇਜ ਸਿੰਘ ਸਰਾਂ, ਸੁਖਜੀਤ ਸਿੰਘ ਨੇ ਸੰਘਰਸ਼ 'ਚ ਪਾਏ ਯੋਗਦਾਨ ਲਈ ਪਿੰਡ ਵਾਸੀਆਂ, ਵੱਖ-ਵੱਖ ਜਥੇਬੰਦੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਤਹਿਸੀਲਦਾਰ ਵਰਿੰਦਰ ਭਾਟੀਆ, ਐੱਸ.ਐੱਚ.ਓ. ਸਦਰ ਸੁਰਜੀਤ ਸਿੰਘ, ਬੀ.ਡੀ.ਪੀ.ਓ. ਸੁਰਜੀਤ ਚੰਦ, ਸਰਪੰਚ ਬਲਗੀਤ ਕੌਰ ਦੇ ਪਤੀ ਜਸਵੀਰ ਸਿੰਘ ਲੋਹਟ, ਪਰਦੀਪ ਸਿੰਘ ਪੰਚ, ਪੰਚ ਪਿ੍ਤਪਾਲ ਸਿੰਘ, ਹਰਦੇਵ ਸਿੰਘ, ਪੰਚ ਸੁਖਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |