ਰਾਏਕੋਟ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਸਥਾਨਕ ਸ਼ਹਿਰ ਦੇ ਤਲਵੰਡੀ ਦਰਵਾਜ਼ੇ ਦੀ ਵਿਰਾਸਤੀ ਦਿੱਖ ਦੇ ਮਾਮਲੇ 'ਤੇ ਰਾਏਕੋਟ ਦੀ ਸਿਆਸਤ ਪੂਰੀ ਤਰ੍ਹਾਂ ਭਖ਼ ਚੁੱਕੀ ਹੈ, ਉੱਥੇ ਹੀ ਸੱਤ੍ਹਾਧਾਰੀ ਧਿਰ ਤੇ ਕਾਂਗਰਸ ਪਾਰਟੀ ਵਲੋਂ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਆਪਹੁਦਰੀਆਂ ਦੀ ਸਾਰੀਆਂ ਹੱਦਾਂ ਪਾਰ ਕੀਤੀਆਂ ਨਜ਼ਰ ਆਈਆਂ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਨਦੀਪ ਸਿੰਘ ਗਿੱਲ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਸੱਤ੍ਹਾਧਾਰੀ ਧਿਰ ਤੇ ਕਾਂਗਰਸ ਦਾ ਅੰਦਰੂਨੀ ਗੱਠਜੋੜ ਅੱਜ ਸਾਹਮਣੇ ਆ ਚੁੱਕਾ ਹੈ, ਇੰਨ੍ਹਾਂ ਪਾਰਟੀਆਂ ਦੀ ਆਪਸੀ ਸ਼ਾਂਝ ਹੋਣ ਕਰਕੇ ਅੱਜ ਹਲਕਾ ਰਾਏਕੋਟ ਵਿਚ 'ਬਿੱਲੀ ਥੈਲਿਓ ਬਾਹਰ ਨਿਕਲ ਆਈ ਹੈ' ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪਸ ਵਿਚ ਘਿਉ-ਖਿਚੜੀ ਹੁੰਦਿਆਂ ਤਲਵੰਡੀ ਦਰਵਾਜ਼ੇ ਦੇ ਵਿਰਾਸਤੀ ਦਿੱਖ ਨੂੰ ਢਾਹ ਲਗਾਉਂਦਿਆਂ ਸੰਦੂਕੀ ਛੱਤ ਪਾਉਣ ਦੀ ਬਜਾਏ ਲੈਂਟਰ ਪਾਉਂਦਿਆ ਮਾਣਯੋਗ ਜਗਰਾਉਂ ਕੋਰਟ ਵਲੋਂ ਜਾਰੀ ਹੋਏ ਸੰਮਨਾਂ ਦੀ ਤੌਹੀਨ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਵਿਰਾਸਤੀ ਨਿਸ਼ਾਨੀਆਂ ਨੂੰ ਸੰਭਾਲਣ ਲਈ ਤਤਕਾਲੀ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਲੋਂ ਜਿੱਥੇ ਸਿੱਖ ਰਾਜ ਦੇ ਆਖ਼ਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਨੂੰ ਉਸਾਰ ਕੇ ਰਾਏਕੋਟ ਇਲਾਕੇ ਵਿਚ ਵਿਰਾਸਤੀ ਨਿਸ਼ਾਨੀਆਂ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਸੀ, ਉੱਥੇ ਹੀ ਅੱਜ ਕਾਂਗਰਸ ਤੇ ਸੱਤ੍ਹਾਧਾਰੀ ਧਿਰ ਵਲੋਂ ਪਿਛਲੇ 3-4 ਮਹੀਨਿਆਂ ਤੋਂ ਵਿਰਾਸਤੀ ਤਲਵੰਡੀ ਦਰਵਾਜ਼ੇ ਦੀ ਦਿੱਖ ਨੂੰ ਵਿਗਾੜਨ ਲਈ ਅੜ੍ਹੀਅਲ ਵਤੀਰਾ ਅਪਣਾਇਆ ਹੋਇਆ ਹੈ, ਜਿਸ ਦੀ ਮਿਸਾਲ ਅੱਜ ਤਲਵੰਡੀ ਦਰਵਾਜ਼ੇ ਦੀ ਛੱਤ 'ਤੇ ਲੈਂਟਰ ਪਾਉਣ ਦੇ ਯਤਨਾਂ ਤੋਂ ਦੇਖਣ ਨੂੰ ਮਿਲੀ ਹੈ | ਉਨ੍ਹਾਂ ਦੱਸਿਆ ਕਿ ਇਸ ਵਿਰਾਸਤੀ ਦਰਵਾਜ਼ੇ ਦੀ ਸਾਂਭ-ਸੰਭਾਲ ਦੇ ਮਾਮਲੇ ਨੂੰ ਉਨ੍ਹਾਂ ਵਲੋਂ ਵਿਰਾਸਤੀ ਸਾਂਭ-ਸੰਭਾਲ ਵਿਭਾਗ ਪੰਜਾਬ (ਪੁਰਾਤਨ ਵਿਭਾਗ) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਕੋਲ ਭੇਜ ਦਿੱਤਾ ਹੈ, ਜੋ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਕੇਸ ਦੀ ਅਗਲੀ ਪੈਰਵਾਈ ਕਰੇਗਾ | ਇਸ ਮੌਕੇ ਜਗਦੇਵ ਸਿੰਘ ਸੈਂਭੀ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਰਾਏਕੋਟ, ਕਿ੍ਪਾਲ ਸਿੰਘ ਮਹੇਰਨਾਂ, ਸੁਖਰਾਜ ਸਿੰਘ ਮਹੇਰਨਾਂ ਪ੍ਰਧਾਨ ਸਰਕਲ ਪੱਖੋਵਾਲ, ਮਾ: ਬਲਜਿੰਦਰ ਸਿੰਘ ਗਰੇਵਾਲ, ਕੁਲਵੰਤ ਸਿੰਘ ਨੰਗਲ, ਕੁਲਵਿੰਦਰ ਸਿੰਘ ਕਲਸੀਆਂ, ਜੈ ਨਾਹਰ, ਪੀ.ਏ. ਕਮਲਜੀਤ ਸਿੰਘ ਢਿੱਲੋਂ, ਉਪਕਾਰ ਸਿੰਘ ਸੈਣੀ ਆਦਿ ਹਾਜ਼ਰ ਸਨ |