16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮਟਰ ਦੀ ਫ਼ਸਲ ਤੇ ਮੌਸਮ ਦੀ ਮਾਰ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਸਾਹ ਸੂਤੇ

ਚੱਬੇਵਾਲ, 16 ਨਵੰਬਰ (ਰਾਜੀਵ ਭਾਰਦਵਾਜ)-ਭਾਰਤ ਦੀ ਮਸ਼ਹੂਰ ਮਟਰ ਮੰਡੀ ’ਚ ਮੌਸਮ ਦੀ ਕਰੋਪੀ ਦਾ ਅਸਰ ਨਾ ਸਿਰਫ਼ ਕਿਸਾਨਾਂ ਬਲਕਿ ਆੜ੍ਹਤੀਆਂ , ਵਪਾਰੀਆਂ ਅਤੇ ਮਜ਼ਦੂਰਾਂ ’ਤੇ ਵੀ ਪਿਆ ਹੈ । ਇਸ ਇਲਾਕੇ ਦੇ ਕਿਸਾਨਾਂ ਦੀ ਮੁੱਖ ਫ਼ਸਲ ਵੀ ਆਲੂ ਅਤੇ ਮਟਰ ਹੀ ਹੈ ਅਤੇ ਇਸੇ ਫ਼ਸਲ ਦੀ ਪੈਦਾਵਾਰ ’ਤੇ ਅਸਰ ਪੈਣਾ ਚਿੰਤਾ ਦਾ ਵਿਸ਼ਾ ਹੈ ।

ਬੇ-ਮੌਸਮੀ ਗਰਮੀ ਕਾਰਨ ਚੱਬੇਵਾਲ ’ਚ ਮਟਰਾਂ ਦੀ ਖ਼ਰਾਬ ਹੋਈ ਫ਼ਸਲ ਦਾ ਦ੍ਰਿਸ਼। ਤਸਵੀਰ : ਰਾਜੀਵ ਭਾਰਦਵਾਜ 17-11-2026
ਚੱਬੇਵਾਲ, 16 ਨਵੰਬਰ (ਰਾਜੀਵ ਭਾਰਦਵਾਜ)-ਭਾਰਤ ਦੀ ਮਸ਼ਹੂਰ ਮਟਰ ਮੰਡੀ ’ਚ ਮੌਸਮ ਦੀ ਕਰੋਪੀ ਦਾ ਅਸਰ ਨਾ ਸਿਰਫ਼ ਕਿਸਾਨਾਂ ਬਲਕਿ ਆੜ੍ਹਤੀਆਂ , ਵਪਾਰੀਆਂ ਅਤੇ ਮਜ਼ਦੂਰਾਂ ’ਤੇ ਵੀ ਪਿਆ ਹੈ । ਇਸ ਇਲਾਕੇ ਦੇ ਕਿਸਾਨਾਂ ਦੀ ਮੁੱਖ ਫ਼ਸਲ ਵੀ ਆਲੂ ਅਤੇ ਮਟਰ ਹੀ ਹੈ ਅਤੇ ਇਸੇ ਫ਼ਸਲ ਦੀ ਪੈਦਾਵਾਰ ’ਤੇ ਅਸਰ ਪੈਣਾ ਚਿੰਤਾ ਦਾ ਵਿਸ਼ਾ ਹੈ । ਇਸ ਹਲਕੇ ਦੇ ਕਿਸਾਨ ਦਿਲਬਾਗ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਬਲਜਿੰਦਰ ਸਿੰਘ, ਨਿਰਮਲ ਸਿੰਘ, ਰਸ਼ਪਾਲ ਸਿੰਘ, ਮੱਖਣ ਸਿੰਘ, ਜਤਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਸਾਡੇ ਇਸ ਇਲਾਕੇ ’ਚ ਆਲੂ ਮਟਰ ਦੀ ਫ਼ਸਲ ’ਤੇ ਹੀ ਸਾਰੇ ਸਾਲ ਦਾ ਲੈਣ ਦੇਣ ਨਿਰਭਰ ਕਰਦਾ ਹੈ । ਉਨ੍ਹਾਂ ਦੱਸਿਆ ਕਿ ਇਸ ਹਲਕੇ ’ਚ ਮਟਰ ਦੀ ਫ਼ਸਲ ਦੀ ਬਿਜਾਈ 20 ਸਤੰਬਰ ਤੋਂ ਲੈ ਕੇ 5 ਅਕਤੂਬਰ ਤੱਕ ਕੀਤੀ ਜਾਂਦੀ ਹੈ ਅਤੇ ਇਸ ਵਾਰ ਇਨ੍ਹਾਂ ਦਿਨਾਂ ਵਿਚ ਤਾਪਮਾਨ ਇਸ ਫ਼ਸਲ ਦੇ ਅਨੁਕੂਲ ਨਹੀਂ ਸੀ। ਮਾਹਿਰਾਂ ਦੇ ਮੁਤਾਬਿਕ ਬਿਜਾਈ ਦੇ ਸਮੇਂ ਇਸ ਫ਼ਸਲ ਦਾ ਔਸਤਨ ਤਾਪਮਾਨ 26 ਤੋਂ 28 ਡਿਗਰੀ ਹੋਣਾ ਚਾਹੀਦਾ ਹੈ ਜਦ ਕਿ ਇਸ ਵਾਰ ਬਿਜਾਈ ਸਮੇਂ ਇਹ ਤਾਪਮਾਨ ਲੋੜੀਂਦੇ ਤਾਪਮਾਨ ਨਾਲੋਂ ਕਾਫ਼ੀ ਵੱਧ ਸੀ । ਮਟਰ ਦੀ ਫ਼ਸਲ ਪੱਕਣ ਸਮੇਂ ਔਸਤਨ ਤਾਪਮਾਨ ਲਗਪਗ 20 ਡਿਗਰੀ ਦੀ ਲੋੜ ਹੁੰਦੀ ਹੈ ਜਦਕਿ ਇਹ ਵੀ ਕਾਫ਼ੀ ਵੱਧ ਹੈ । ਆਲੂ ਅਤੇ ਮਟਰ ਦੀ ਫ਼ਸਲ 55 ਤੋਂ 60 ਦਿਨ ਤੱਕ ਤਿਆਰ ਹੁੰਦੀ ਹੈ, ਪਰ ਇਸ ਵਾਰ ਇਹ ਫ਼ਸਲ 40 ਦਿਨ ਤੋਂ ਲੈ ਕੇ 45 ਦਿਨ ਵਿਚ ਹੀ ਤਿਆਰ ਹੋ ਗਈ ਜਿਸ ਕਾਰਨ ਮਟਰ ਦੀ ਕੁਆਲਿਟੀ ਵਧੀਆ ਨਹੀਂ ਹੈ ਅਤੇ ਇਸ ਦੇ ਬੂਟੇ ਸੁੱਕ ਗਏ ਹਨ । ਇਸੇ ਤਰ੍ਹਾਂ ਆਲੂ ਦੀ ਫ਼ਸਲ ਦੇ ਝਾੜ ਵਿਚ ਵੀ ਕਾਫ਼ੀ ਕਮੀ ਆਈ ਹੈ। ਚੱਬੇਵਾਲ ਅਤੇ ਹੁਸ਼ਿਆਰਪੁਰ ਦਾ ਇਲਾਕਾ ਮਟਰ ਦੀ ਫ਼ਸਲ ਲਈ ਪੂਰੇ ਭਾਰਤ ਵਿਚ ਮਸ਼ਹੂਰ ਹੈ। ਹਿਮਾਚਲ ਦੀ ਗੋਦ ਵਿਚ ਵਸਿਆ ਇਹ ਇਲਾਕਾ ਮਟਰ ਦੀ ਮਿਠਾਸ ਲਈ ਵੀ ਜਾਣਿਆ ਜਾਂਦਾ ਹੈ। ਇਸ ਇਲਾਕੇ ਦਾ ਮਟਰ ਪੰਜਾਬ ਦੇ ਹੋਰ ਹਿੱਸਿਆਂ ਜੰਡਿਆਲਾ ਅਤੇ ਅੰਮ੍ਰਿਤਸਰ ਆਦਿ ਨਾਲੋਂ ਦੇਖਣ ਅਤੇ ਖਾਣ ਵਿਚ ਬਹੁਤ ਵਧੀਆ ਮੰਨਿਆ ਜਾਂਦਾ ਹੈ। ਨਵੰਬਰ ਅਤੇ ਦਸੰਬਰ ਮਹੀਨੇ ਵਿਚ ਪੂਰੇ ਭਾਰਤ ਦੀ ਮੰਡੀਆਂ ਦੀ ਰੌਣਕ ਬਣਨ ਵਾਲੀ ਇਸ ਮਟਰ ਦੀ ਫ਼ਸਲ ਨੂੰ ਇਸ ਵਾਰ ਜਿਵੇਂ ਗ੍ਰਹਿਣ ਲੱਗ ਗਿਆ ਹੋਵੇ। ਇਸ ਸਾਲ ਇਸ ਇਲਾਕੇ ਦੀ ਮਟਰ ਦੀ ਫ਼ਸਲ ਨੂੰ ਬੇ-ਮੌਸਮੀ ਗਰਮੀ ਨੇ ਲਗਪਗ ਤਬਾਹ ਕਰ ਦਿੱਤਾ ਹੈ। ਹਰ ਸਾਲ ਪੂਰੇ ਭਾਰਤ ਦੀਆਂ ਮੰਡੀਆਂ ਤੋਂ ਵਪਾਰੀ ਇਸ ਮਟਰ ਨੂੰ ਖ਼ਰੀਦਣ ਲਈ ਆਉਂਦੇ ਹਨ ਪਰ ਇਸ ਸਾਲ ਮਟਰ ਦੀ ਕੁਆਲਿਟੀ ਵਧੀਆ ਨਾ ਹੋਣ ਕਾਰਨ ਵਪਾਰੀ ਵੀ ਨਿਰਾਸ਼ ਹਨ। ਮੰਡੀ ਸੁਪਰਵਾਈਜ਼ਰ ਅਮਿਤ ਸ਼ਰਮਾ ਨੇ ਕਿਹਾ ਕਿ ਇਸ ਵਾਰ ਮਟਰ ਦੀ ਕੁਆਲਿਟੀ ਵਧੀਆ ਨਾ ਹੋਣ ਕਾਰਨ ਮਟਰ ਦੇ ਰੇਟ ’ਚ ਵੀ ਬਹੁਤ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਪਿਛਲੀ ਖ਼ਬਰ ਬੰਗਾ ਅਤੇ ਕਾਂਗਰਸ ਨਾਲ ਮੇਰਾ 37 ਸਾਲ ਦਾ ਨਾਤਾ -ਡਾ. ਬਖਸ਼ੀਸ਼ ਸਿੰਘ ਅਗਲੀ ਖ਼ਬਰ ਸੂਬਾ ਪੱਧਰੀ ਸਾਇੰਸ ਡਰਾਮਾ ਮੁਕਾਬਲੇ ’ਚ ਪਲਾਹੜ ਸਕੂਲ ਦੀ ਬੱਲੇ-ਬੱਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।