ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ‘ਸਬਜ਼ੀਆਂ ਦੀ ਸੁਰੱਖਿਅਤ ਖੇਤੀ ਅਤੇ ਨਰਸਰੀ ਉਤਪਾਦਨ’ ਬਾਰੇ ਪੰਜ ਦਿਨਾਂ ਕਿੱਤਾਮੁਖੀ ਸਿਖਲਾਈ ਕੋਰਸ ਦਾ ਆਯੋਜਨ 10 ਤੋਂ 17 ਨਵੰਬਰ ਨੂੰ ਕੀਤਾ ਜਾ ਰਿਹਾ ਹੈ। ਇਸ ਬਾਰੇ ਡਾ: ਮਨਿੰਦਰ ਸਿੰਘ ਬੌਸ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦਾ ਉਦੇਸ਼ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਿਖਲਾਈ ਦੇ ਕੇ ਇਸ ਕਿੱਤੇ ਨੂੰ ਸਵੈ-ਰੁਜਗਾਰ ਜਾਂ ਸਹਾਇਕ ਧੰਦੇ ਦੇ ਰੂਪ ਵਿਚ ਅਪਣਾ ਕੇ ਆਪਣੇ ਪਰਿਵਾਰਿਕ ਆਰਥਿਕ ਸਤਰ ਨੂੰ ਉੱਚਾ ਚੁੱਕਣ ਦੇ ਕਾਬਲ ਬਣਾਉਣਾ ਹੈ। ਡਾ. ਬੌਂਸ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਅਤੇ ਨਰਸਰੀ ਉਤਪਾਦਨ ਲਈ ਲੋੜੀਂਦੀ ਸਾਰੀ ਜਾਣਕਾਰੀ ਜਿਵੇਂ ਕਿ ਸਹੀ ਬੀਜ ਦੀ ਚੋਣ, ਨਰਸਰੀ ਲਈ ਕਿਆਰੀ ਤਿਆਰ ਕਰਨ, ਨੀਵੀਂਆਂ ਸੁਰੰਗਾਂ ਵਿਚ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਅਤੇ ਸਬਜ਼ੀ ਉਤਪਾਦਨ ਲੋੜੀਂਦੀਆਂ ਆਧੁਨਿਕ ਤਕਨੀਕਾਂ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਕੋਰਸ ਪੂਰਾ ਹੋਣ ਉਪਰੰਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਚਾਹਵਾਨ ਕਿਸਾਨ 10 ਨਵੰਬਰ ਨੂੰ ਆਧਾਰ ਕਾਰਡ ਦੀ ਕਾਪੀ ਅਤੇ ਪਾਸਪੋਰਟ ਸਾਈਜ਼ ਫ਼ੋਟੋ ਲੈ ਕੇ ਕੇਂਦਰ ਵਿਖੇ ਸਵੇਰੇ 10 ਵਜੇ ਪਹੁੰਚ ਸਕਦੇ ਹਨ।