ਮੁਕੇਰੀਆਂ, 22 ਅਗਸਤ (ਰਾਮਗੜ੍ਹੀਆ)- ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਰੋਮਾਂਚਕ ਅਤੇ ਗਿਆਨ ਵਰਧਕ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿਚ ਸਕੂਲ ਦੇ ਚਾਰ ਸਦਨਾਂ ਮਹਾਰਾਣਾ ਪ੍ਰਤਾਪ ਸਦਨ, ਏ.ਪੀ.ਜੇ. ਅਬਦੁਲ ਕਲਾਮ ਸਦਨ, ਰਾਣੀ ਲਕਸ਼ਮੀ ਬਾਈ ਸਦਨ ਅਤੇ ਸਵਾਮੀ ਦਇਆਨੰਦ ਸਦਨ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਵਿਚ ਵਿਦਿਆਰਥੀਆਂ ਦੀ ਵਿਗਿਆਨਕ ਸਮਝ, ਤਰਕਸ਼ੀਲ ਸੋਚ ਅਤੇ ਵਿਸ਼ੇ ਨਾਲ ਸਬੰਧਿਤ ਗਿਆਨ ਦੀ ਪਰਖ ਕੀਤੀ ਗਈ। ਵੱਖ-ਵੱਖ ਦਿਲਚਸਪ ਰਾਊਡਾਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿਚ ਸਵਾਮੀ ਦਇਆਨੰਦ ਸਦਨ ਨੇ ਪਹਿਲਾ ਸਥਾਨ, ਮਹਾਰਾਣਾ ਪ੍ਰਤਾਪ ਸਦਨ ਨੇ ਦੂਜਾ ਸਥਾਨ, ਜਦਕਿ ਏ.ਪੀ.ਜੇ. ਅਬਦੁਲ ਕਲਾਮ ਸਦਨ ਨੇ ਤੀਜਾ ਸਥਾਨ ਹਾਸਲ ਕੀਤਾ। ਸਾਇੰਸ ਕੁਇਜ਼ ਸਕੂਲ ਦੇ ਪ੍ਰਿੰਸੀਪਲ ਨੀਰਜ ਘਈ, ਵਾਈਸ ਪ੍ਰਿੰਸੀਪਲ ਕਮਲ ਸਾਗਰ ਮਹਿਤਾ ਅਤੇ ਅਕਾਦਮਿਕ ਕੋਆਰਡੀਨੇਟਰ ਡਾ. ਸਰਬਜੋਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਕੋਆਰਡੀਨੇਟਰ ਦੀ ਭੂਮਿਕਾ ਮੈਡਮ ਸੁਮਨ ਜੌਲੀ ਬਾਖ਼ੂਬੀ ਨਿਭਾਈ। ਕੁਇਜ਼ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਰਾਊਂਡ ਵੱਖ ਵੱਖ ਅਧਿਆਪਕਾਂ ਵਲੋਂ ਕਰਵਾਏ ਗਏ। ਫਿਜ਼ਿਕਸ ਰਾਊਂਡ ਮੈਡਮ ਅਮਨਦੀਪ ਕੌਰ, ਬਾਇਉਲੋਜੀ ਰਾਊਂਡ ਮੈਡਮ ਵੰਦਨਾ, ਕੈਮਿਸਟਰੀ ਰਾਊਂਡ ਮੈਡਮ ਸਪਨਾ ਅਤੇ ਮੈਥ ਰਾਊਂਡ ਦਿਸ਼ਾਂਤ ਰਿਹਾਨ ਵਲੋਂ ਕਰਵਾਇਆ ਗਿਆ। ਸਕੋਰਿੰਗ ਦੀ ਜ਼ਿੰਮੇਵਾਰੀ ਰੀਆ ਤੇ ਪੂਨਮ ਨੇ ਨਿਭਾਈ, ਜਦਕਿ ਕੰਪਿਊਟਰਾਈਜ਼ਡ ਸਕੋਰ ਬੋਰਡ ਦੀ ਵਿਵਸਥਾ ਅਤੇ ਸੰਚਾਲਨ ਵਿਚ ਸ਼ਿਵਾਲੀ ਨੇ ਆਪਣੀ ਸੇਵਾ ਨਿਭਾਈ। ਇਸ ਮੌਕੇ ਸਾਇੰਸ ਵਿਭਾਗ ਨਾਲ ਸਬੰਧਿਤ ਕਮਲ ਸਾਗਰ ਮਹਿਤਾ, ਮੁਕੇਸ਼ ਕੁਮਾਰ ਤੇ ਬਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਰ ਰਾਜੇਸ਼ ਸਿੰਘ ਅਤੇ ਮੈਨੇਜਰ ਡਾ. ਰਾਜੇਸ਼ ਲਖਨਪਾਲ ਨੇ ਜੇਤੂ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।