ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ)-ਸਥਾਨਕ ਮੁਹੱਲਾ ਦਸਮੇਸ਼ ਨਗਰ 'ਚ ਕਥਿਤ ਤੌਰ 'ਤੇ ਹੋਈ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ 'ਚ ਸਿੱਖ, ਦਲਿਤ ਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਨੇ ਸਥਾਨਕ ਮਿੰਨੀ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਿਸ ਤੇ ਖ਼ਾਸ ਕਰਕੇ ਥਾਣਾ ਮਾਡਲ ਟਾਊਨ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਆਗੂ ਕਰਨੈਲ ਸਿੰਘ ਲਵਲੀ ਤੇ ਭੁਪਿੰਦਰ ਸਿੰਘ ਸੱਜਣ ਆਦਿ ਨੇ ਦੱਸਿਆ ਕਿ 1 ਮਈ ਨੂੰ ਮੁਹੱਲਾ ਦਸਮੇਸ਼ ਨਗਰ ਦੇ ਵਾਸੀ ਜਸਵੀਰ ਸਿੰਘ ਦੀ ਉਸ ਦੇ ਗੁਆਂਢੀਆਂ ਵਲੋਂ ਕਥਿਤ ਤੌਰ 'ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਦਰਖਾਸਤ ਦੇਣ ਦੇ ਬਾਵਜੂਦ ਕਈ ਦਿਨਾਂ ਤੱਕ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਨਾ ਤਾਂ ਮਾਮਲਾ ਦਰਜ ਕੀਤਾ ਤੇ ਨਾ ਹੀ ਕੋਈ ਕਾਰਵਾਈ ਅਮਲ 'ਚ ਲਿਆਂਦੀ | ਉਨ੍ਹਾਂ ਕਿਹਾ ਕਿ ਪੁਲਿਸ ਸਿਆਸੀ ਸ਼ਹਿ 'ਤੇ ਕੰਮ ਕਰ ਰਹੀ ਹੈ | ਮੌਕੇ 'ਤੇ ਪਹੁੰਚੇ ਡੀ. ਐਸ. ਪੀ. ਦੇਵ ਦੱਤ ਸ਼ਰਮਾ ਨੇ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਹੁਣ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |