ਗੜ੍ਹਸ਼ੰਕਰ, 7 ਮਈ (ਧਾਲੀਵਾਲ)-ਹਲਕਾ ਗੜ੍ਹਸ਼ੰਕਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਬਦਲਾਅ ਦਾ ਨਾਅਰਾ ਲਾ ਕੇ ਬਣਾਈ 'ਆਪ' ਸਰਕਾਰ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਵਿੱਤੀ ਹਾਲਾਤ ਨੂੰ ਸੁਧਾਰਨ ਲਈ ਸਭ ਤੋਂ ਵੱਡਾ ਸ੍ਰੋਤ ਮਾਈਨਿੰਗ ਦੱਸ ਕੇ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਝੂਠ ਬੋਲਿਆ ਸੀ | ਇਸ ਝੂਠ ਦਾ ਸਭ ਤੋਂ ਵੱਡਾ ਸਬੂਤ ਗੜ੍ਹਸ਼ੰਕਰ ਹਲਕੇ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਗੈਰ ਕਾਨੂੰਨੀ ਮਾਈਨਿੰਗ ਜ਼ੋਰਾਂ 'ਤੇ ਚੱਲ ਰਹੀ ਹੈ | ਇਸ ਗੈਰ ਕਾਨੂੰਨੀ ਮਾਈਨਿੰਗ ਨਾਲ ਜਿਥੇ ਸਰਕਾਰੀ ਖ਼ਜ਼ਾਨੇ ਦੀ ਵੱਡੀ ਪੱਧਰ 'ਤੇ ਲੁੱਟ ਹੋ ਰਹੀ ਹੈ, ਉਥੇ ਇਸ ਧੰਦੇ 'ਚ ਗ੍ਰਸਤ ਲੀਡਰ ਇਲਾਕੇ ਨਾਲ ਖਿਲਵਾੜ ਕਰਦਿਆਂ ਸਰਕਾਰ ਨੂੰ ਚੂਨਾ ਲਗਾ ਕੇ ਆਪਣੇ ਖ਼ਜ਼ਾਨੇ ਭਰ ਰਹੇ ਹਨ | ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਤੋਂ ਇਲਾਕੇ ਦੇ ਲੋਕ ਬਹੁਤ ਦੁਖੀ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਕਾਨੂੰਨ ਦੀ ਰਾਖੀ ਕਰਨ ਵਾਲਾ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ |