ਗੜ੍ਹਸ਼ੰਕਰ, 7 ਮਈ (ਧਾਲੀਵਾਲ)-ਇੰਜ. ਸੁਮਿਤ ਧਵਨ ਵਧੀਕ ਨਿਗਰਾਨ ਇੰਜੀਨੀਅਰ, ਸੰਚਾਲਨ ਮੰਡਲ ਗੜ੍ਹਸ਼ੰਕਰ ਨੇ ਦਫ਼ਤਰ ਅਧੀਨ ਆਉਂਦੇ ਖੇਤਰ 'ਚ 66 ਕੇ. ਵੀ. ਲਾਈਨਾਂ ਦੇ ਨੇੜੇ ਕਿਸੇ ਵੀ ਤਰ੍ਹਾਂ ਦੇ ਦਰੱਖਤ/ਬੂਟੇ ਨਾਲ ਲਗਾਉਣ ਦੀ ਹਦਾਇਤ ਕੀਤੀ ਹੈ | ਉਨ੍ਹਾਂ ਕਿਹਾ ਕਿ ਬਿਜਲੀ ਲਾਈਨਾਂ ਹੇਠ ਜਾਂ ਨੇੜੇ ਕਿਸੇ ਵੀ ਤਰ੍ਹਾਂ ਦੇ ਦਰੱਖਤ ਲਗਾਏ ਜਾਣ ਪਾਵਰਕਾਮ ਦੇ ਖਪਤਕਾਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਖਪਤਕਾਰ ਨੇ ਲਾਈਨਾਂ ਦੇ ਨਜ਼ਦੀਕ ਦਰੱਖਤ/ਬੂਟਾ ਲਗਾਏ ਹੋਏ ਹਨ ਤਾਂ ਉਨ੍ਹਾਂ ਨੂੰ ਆਪਣੇ ਪੱਧਰ 'ਤੇ ਕਟਵਾ ਲਿਆ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਵਿਅਕਤੀ/ਖਪਤਕਾਰ ਬਿਜਲੀ ਲਾਈਨਾਂ ਦੇ ਨੇੜੇ ਅਤੇ ਲਾਈਟਾਂ ਦੇ ਥੱਲੇ ਮਕਾਨ ਦੀ ਉਸਾਰੀ ਨਾ ਕਰੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ | ਜੇਕਰ ਕੋਈ ਵਿਅਕਤੀ ਬਿਜਲੀ ਲਾਈਨਾਂ ਹੇਠੋਂ ਦਰੱਖਤ ਨਹੀਂ ਹਟਾਉਂਦਾ ਤਾਂ ਬਿਨਾਂ ਕਿਸੇ ਹੋਰ ਨੋਟਿਸ ਦਿੱਤੇ ਪਾਵਰਕਾਮ ਵਲੋਂ ਦਰੱਖਤ ਕੱਟ ਦਿੱਤੇ ਜਾਣਗੇ, ਕਿਉਂਕਿ ਪੈਡੀ ਸੀਜ਼ਨ ਸ਼ੁਰੂ ਹੋਣ ਕਾਰਨ ਪਾਵਰਕਾਮ ਦੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਵਿਚ ਕੋਈ ਵੀ ਮੁਸ਼ਕਿਲ ਨਾ ਆਵੇ |