ਹੁਸ਼ਿਆਰਪੁਰ, 20 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪਿੰਡ ਦੇਹਰਾ ਦੀ ਗ੍ਰਾਮ ਸਭਾ ਦਾ ਵਫ਼ਦ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ | ਵਫ਼ਦ ਨੇ ਮੰਗ ਕੀਤੀ ਕਿ ਮੇਟ ਬਿਮਲਾ ਦੇਵੀ ਨਾਲ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾਵੇ | ਧੀਮਾਨ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਲੋਂ 11 ਦਸੰਬਰ 2025 ਨੂੰ ਮੇਟ ਬਿਮਲਾ ਦੇਵੀ ਨੂੰ ਮਸਟਰੋਲ ਜਾਰੀ ਕਰਨ ਸਬੰਧੀ ਲਿਖਤੀ ਹੁਕਮ ਜਾਰੀ ਕੀਤੇ ਪਰ 4 ਮਹੀਨੇ ਬੀਤ ਜਾਣ ਦੇ ਬਾਵਜੂਦ ਮੇਟ ਨੂੰ ਮਸਟਰੋਲ ਜਾਰੀ ਨਹੀਂ ਕੀਤਾ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਵੀ ਮੇਟ ਸਾਥੀਆਂ ਦੀ ਬਹਾਲੀ ਦਾ ਮਸਲਾ ਹੇਠਲੇ ਪੱਧਰ ਦੇ ਅਧਿਕਾਰੀਆਂ ਵਲੋਂ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ | ਲੋਕਪਾਲ ਮਨਰੇਗਾ ਦੇ ਹੁਕਮਾਂ ਨੂੰ ਵੀ ਪੂਰਨ ਰੂਪ ਵਿਚ ਲਾਗੂ ਨਹੀਂ ਕੀਤਾ ਜਾ ਰਿਹਾ | ਧੀਮਾਨ ਨੇ ਕਿਹਾ ਕਿ ਮਨਰੇਗਾ ਦੇ ਕੰਮਾਂ ਵਿਚ ਸਰਕਾਰੀ ਤੌਰ 'ਤੇ ਰਾਜਨੀਤੀ ਭਾਰੂ ਹੋ ਚੁੱਕੀ ਹੈ | ਧੀਮਾਨ ਨੇ ਕਿਹਾ ਕਿ ਜੇਕਰ ਇੰਝ ਹੀ ਬੇਇਨਸਾਫੀ ਜਾਰੀ ਰਹੀ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਨਸਾਫ਼ ਲਈ ਪਟੀਸ਼ਨ ਦਾਇਰ ਕੀਤੀ ਜਾਵੇਗੀ | ਵਫ਼ਦ ਵਿਚ ਅਸ਼ੋਕ ਕੁਮਾਰ, ਰਾਮਜੀ ਦਾਸ, ਦਰਸ਼ਨ ਲਾਲ, ਪੰਚ ਅਸ਼ੋਕ ਕੁਮਾਰ ਤੇ ਪ੍ਰੇਮ ਚੰਦ ਆਦਿ ਸ਼ਾਮਿਲ ਸਨ |