ਤਲਵਾੜਾ, 14 ਅਪ੍ਰੈਲ (ਐੱਚ.ਐੱਸ.ਮਿੱਠੂ)-ਤਲਵਾੜਾ ਨੇੜਲੇ ਪਿੰਡ ਚੰਗੜਵਾਂ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸਥਾਨਕ ਇਕਾਈ ਨੇ ਡਾ. ਬੀ.ਆਰ. ਅੰਬੇਦਕਰ ਦੇ ਜਨਮ ਦਿਵਸ 'ਤੇ ਜੰਗ ਵਿਰੋਧੀ ਦਿਵਸ ਮਨਾਇਆ | ਇਸ ਮੌਕੇ ਸਭਾ ਦੇ ਸੂਬਾ ਕਮੇਟੀ ਮੈਂਬਰ ਅਕਸ਼ੇ ਰੇੜੂ ਪੱਤੀ ਨੇ ਜੰਗਾਂ ਨੂੰ ਮਾਨਵਤਾ ਲਈ ਘਾਤਕ ਦੱਸਿਆ | ਸਾਮਰਾਜੀ ਤਾਕਤਾਂ ਆਪਣੇ ਡਗਮਗਾ ਰਹੇ ਆਰਥਿਕ ਢਾਂਚੇ ਨੂੰ ਬਚਾਉਣ ਲਈ ਦੁਨੀਆ ਨੂੰ ਜੰਗ ਦੀ ਭੱਠੀ 'ਚ ਝੌਂਕ ਰਹੀਆਂ ਹਨ | ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਕਨਵੀਨਰ ਦੀਪਕ ਤਲਵਾੜਾ ਨੇ ਨੌਜਵਾਨਾਂ ਨੂੰ ਜਥੇਬੰਦ ਹੋਣ ਦਾ ਹੋਕਾ ਦਿੱਤਾ | ਦੇਸ਼ 'ਚ ਸਹੀ ਅਰਥਾਂ ਵਿਚ ਜਮਹੂਰੀਅਤ ਦੀ ਕਾਇਮੀ ਤੇ ਸਰਵਪੱਖੀ ਵਿਕਾਸ ਲਈ ਨੌਜਵਾਨ, ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਸਵਿੰਧਾਨ ਨਿਰਮਾਤਾ ਡਾ ਬੀ ਆਰ ਅੰਬੇਦਕਰ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦਾ ਸੱਦਾ ਦਿੱਤਾ | ਇਸ ਮੌਕੇ ਤਹਿਸੀਲ ਮੁਕੇਰੀਆਂ ਪ੍ਰਧਾਨ ਮਨੋਜ ਕੁਮਾਰ ਚੰਗੜਵਾਂ ਨੇ ਲੋਕ ਜਾਗਰੂਕਤਾ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ੇ ਅਤੇ ਹੋਰ ਗ਼ਲਤ ਰਾਹਾਂ ਤੋਂ ਮੋੜ ਇਨਕਲਾਬੀ ਵਿਚਾਰਧਾਰਾ ਨਾਲ ਜੋੜਨ ਲਈ ਪਿੰਡ ਪਿੰਡ ਨੁੱਕੜ ਮੀਟਿੰਗਾਂ ਕਰਕੇ ਨਵੇਂ ਯੂਨਿਟ ਬਣਾਉਣ ਦਾ ਐਲਾਨ ਕੀਤਾ | ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜੇਸ਼ ਕੁਮਾਰ, ਪਵਨ ਕੁਮਾਰ, ਮਨੋਜ ਕੁਮਾਰ, ਲੱਕੀ, ਦਵਿੰਦਰ ਸਿੰਘ, ਮਨਜੀਤ ਸਿੰਘ ਕਤਰਾਲਾ, ਵਿਜੇ ਕੁਮਾਰ, ਅਮਿਤ ਕੁਮਾਰ ਆਦਿ ਹਾਜ਼ਰ ਸਨ |