ਦਸੂਹਾ, 14 ਅਪ੍ਰੈਲ (ਕੌਸ਼ਲ)-ਦਸੂਹਾ ਦੇ ਦਯਾਨੰਦ ਆਦਰਸ਼ ਵਿਦਿਆਲਯ ਦਸੂਹਾ ਦਾ ਪੰਜਵੀਂ ਕਲਾਸ ਦਾ ਸਾਲਾਨਾ ਨਤੀਜਾ 100 ਫ਼ੀਸਦੀ ਅਤੇ ਬੇਹੱਦ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਨੇ ਦੱਸਿਆ ਕਿ ਇਸ ਵਾਰ ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਨਤੀਜਿਆਂ ਅਨੁਸਾਰ ਸੁਮਿਤਪ੍ਰੀਤ ਸਿੰਘ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਰਾਜਵੀਰ ਨੇ 95.2 ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਅਗਮਪ੍ਰੀਤ ਕੌਰ ਅਤੇ ਸਹਿਜਪ੍ਰੀਤ ਸਿੰਘ ਨੇ 94 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਸਕੂਲ ਦੇ ਮੈਨੇਜਰ ਰਾਕੇਸ਼ ਬੱਸੀ, ਪ੍ਰਧਾਨ ਚੈਨ ਸਿੰਘ ਅਤੇ ਸੈਕਟਰੀ ਐਡਵੋਕੇਟ ਪੁਨੀਤ ਬੱਸੀ ਨੇ ਸਾਰੇ ਕਾਮਯਾਬ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਮਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਸਕੂਲ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਵਿਦਿਆਰਥੀ ਇਸੇ ਤਰ੍ਹਾਂ ਮਿਹਨਤ ਕਰਕੇ ਨਵੇਂ ਮੀਲ ਪੱਥਰ ਸਥਾਪਤ ਕਰਨਗੇ |