ਹਰਿਆਣਾ, 1 ਅਪ੍ਰੈਲ (ਹਰਮੇਲ ਸਿੰਘ ਖੱਖ)-ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਕਸਬਾ ਹਰਿਆਣਾ ਵਾਸੀਆਂ ਨਾਲ ਹਸਪਤਾਲ ਬਣਾਉਣ ਦਾ ਕੀਤਾ ਗਿਆ ਵਾਅਦਾ ਪੂਰਾ ਕਰਦੇ ਹੋਏ ਇੱਥੇ 30 ਬੈੱਡ ਵਾਲਾ ਹਸਪਤਾਲ ਬਣਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 7 ਅਪ੍ਰੈਲ ਨੂੰ ਕਰਨਗੇ | ਹਸਪਤਾਲ ਦੇ ਕੰਮ ਦਾ ਨਿਰੀਖਣ ਕਰਦਿਆਂ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਨੇ ਕਰਦਿਆਂ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਹਿਲੇ ਦਿਨ ਤੋਂ ਹੀ ਲੋਕਾਂ ਨੂੰ ਲਾਭ ਦੇਣ ਵਾਲੀਆਂ ਸਕੀਮਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਡਾ. ਰਵਜੋਤ ਨੇ ਕਿਹਾ ਕਿ ਕਸਬਾ ਹਰਿਆਣਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਕਸਬਾ ਹਰਿਆਣਾ ਅੰਦਰ ਵੱਡਾ ਹਸਪਤਾਲ ਬਣਾਇਆ ਜਾਵੇ, ਜਿਸ ਲਈ ਚੋਣਾਂ ਦੇ ਦੌਰਾਨ ਇਕ ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਵਾਸੀਆਂ ਨਾਲ ਵਾਅਦਾ ਕੀਤਾ ਸੀ, ਜੋ ਹੁਣ ਪੂਰਾ ਕੀਤਾ ਜਾ ਰਿਹਾ ਹੈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਕਪਿਲਾ, ਐੱਸ. ਐੱਮ. ਓ. ਡਾ. ਸੁਦੇਸ਼ ਰਾਜਨ, ਸਿਟੀ ਪ੍ਰਧਾਨ ਮੁਕੇਸ਼ ਡਡਵਾਲ, ਕੌਂਸਲਰ ਰਾਮਜੀਤ, ਕੌਂਸਲਰ ਪਵਨ ਕੁਮਾਰ, ਵਿਜੈ ਭਾਟੀਆ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ ਸੱਜਣਾ, ਅਨਿਲ ਕੁਮਾਰ, ਸਨੀ ਕੁਮਾਰ ਤੇ ਸੁਖਦੇਵ ਬਾਬਾ ਆਦਿ ਹਾਜ਼ਰ ਸਨ |