ਹੁਸ਼ਿਆਰਪੁਰ, 1 ਅਪ੍ਰੈਲ (ਬਲਜਿੰਦਰਪਾਲ ਸਿੰਘ)-ਮੁੁਕੇਰੀਆਂ ਹਾਈਡਲ ਦੀ ਆਰ. ਡੀ. ਨੰਬਰ 8880 'ਤੇ ਬਣੇ ਪੁਲ ਤੋਂ ਕਰੈਸ਼ਰ ਦੀਆਂ ਓਵਰਲੋਡ ਗੱਡੀਆਂ ਲੰਘਾਉਣ ਦੇ ਖ਼ਿਲਾਫ਼ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਵਲੋਂ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਦਿੱਤਾ ਗਿਆ | ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਐੱਸ. ਡੀ. ਐੱਮ. ਮੁਕੇਰੀਆਂ, ਡੀ. ਐੱਸ. ਪੀ. ਮੁਕੇਰੀਆਂ ਅਤੇ ਮਾਈਨਿੰਗ ਅਧਿਕਾਰੀਆਂ ਨੂੰ ਉਕਤ ਮਾਮਲੇ ਸਬੰਧੀ ਇਕ ਹਫ਼ਤੇ 'ਚ ਰਿਪੋਰਟ ਦੇਣ ਲਈ ਲਿਖਤੀ ਤੌਰ 'ਤੇ ਕਿਹਾ ਗਿਆ | ਇਸ ਮੌਕੇ ਕਿਸਾਨ ਸੈੱਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਤੇ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਕਿਰਪਾਲ ਸਿੰਘ ਗੇਰਾ ਨੇ ਦੱਸਿਆ ਕਿ ਮੁਕੇਰੀਆਂ ਹਾਈਡਲ ਦੀ ਆਰ.ਡੀ. ਨੰਬਰ 8880 'ਤੇ ਵਿਭਾਗ ਵਲੋਂ ਨਹਿਰ ਦੀ ਰਿਪੇਅਰ ਅਤੇ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਦੇ ਆਉਣ-ਜਾਣ ਲਈ ਪੁਲ ਬਣਾਇਆ ਗਿਆ ਸੀ, ਜਿਸ ਨੂੰ ਇਲਾਕੇ 'ਚ ਚੱਲ ਰਹੇ ਨਾਜਾਇਜ਼ ਤੌਰ 'ਤੇ ਕਰੈਸ਼ਰਾਂ ਵਾਲਿਆਂ ਨੇ ਵਰਤਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਕਰੈਸ਼ਰਾਂ ਦੀਆਂ ਭਾਰੀ ਗੱਡੀਆਂ ਨੂੰ ਰੋਕਣ ਲਈ ਵਿਭਾਗ ਨੇ ਲੋਹੇ ਦੇ ਗਾਡਰਾਂ ਦਾ ਬੈਰੀਗੇਟ ਅਤੇ ਇਸ ਦੇ ਨਾਲ ਭਾਰੀ ਗੱਡੀਆਂ ਦੀ ਆਵਾਜਾਈ ਰੋਕਣ ਸਬੰਧੀ ਇਕ ਸੂਚਨਾ ਹਿੱਤ ਬੋਰਡ ਵੀ ਲਗਾਇਆ ਸੀ, ਪਰ ਕਰੈਸ਼ਰਾਂ ਵਾਲਿਆਂ ਨੇ ਕਥਿਤ ਤੌਰ 'ਤੇ ਲੋਹੇ ਦੇ ਬੈਰੀਗੇਟ ਅਤੇ ਬੋਰਡ ਨੂੰ ਤੋੜ ਦਿੱਤਾ ਗਿਆ ਅਤੇ ਆਪਣੀਆਂ ਭਰੀਆਂ ਗੱਡੀਆਂ ਫਿਰ ਉੱਥੋਂ ਲੰਘਾਉਣੀ ਜਾਰੀ ਰੱਖੀਆਂ | ਉਨ੍ਹਾਂ ਦੱਸਿਆ ਕਿ ਆਰ.ਟੀ.ਆਈ. ਰਾਹੀਂ ਮਿਲੀ ਜਾਣਕਾਰੀ ਅਨੁਸਾਰ ਉਕਤ ਪੁਲ ਦੀ ਕਪੈਸਟੀ ਸਿਰਫ਼ 40 ਤੋਂ 70 ਟਨ ਦੀ ਹੈ, ਜਦਕਿ ਪੁਲ ਤੋਂ 150 ਤੋਂ 200 ਟਨ ਮਾਲ ਲੈ ਕੇ ਕਰੈਸ਼ਰਾਂ ਦੀਆਂ ਗੱਡੀਆਂ ਲੰਘ ਰਹੀਆਂ ਹਨ, ਜਿਸ ਕਾਰਨ ਉਕਤ ਖਸਤਾ ਹਾਲਤ ਪੁਲ ਕਿਸੇ ਸਮੇਂ ਵੀ ਨੁਕਸਾਨਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਨੂੰ ਆਰਥਿਕ ਨੁਕਸਾਨ ਤਾਂ ਹੋਵੇਗਾ, ਇਸ ਦੇ ਨਾਲ ਇਸ ਨਹਿਰ 'ਤੇ ਚੱਲ ਰਹੇ 1, 2, 3, 4 ਅਤੇ 5 ਪਾਵਰ ਹਾਊਸਾਂ ਤੋਂ 225 ਮੈਗਾਵਾਟ ਬਿਜਲੀ ਦਾ ਉਤਪਾਦਨ ਬੰਦ ਹੋਣ ਕਰਕੇ ਪੰਜਾਬ 'ਚ ਬਿਜਲੀ ਸੰਕਟ ਵੀ ਪੈਦਾ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਆਰ.ਡੀ. ਨੰਬਰ 3200 ਅਤੇ 5400 'ਤੇ ਵਿਭਾਗ ਨੇ ਬੈਰੀਗੇਟ ਲਗਾਏ ਹੋਏ ਹਨ, ਜੋ ਅਜੇ ਵੀ ਮੌਜੂਦ ਹਨ | ਉਨ੍ਹਾਂ ਮੰਗ ਕੀਤੀ ਕਿ ਉਕਤ ਪੁਲ ਤੋਂ ਨਾਜਾਇਜ਼ ਤੌਰ 'ਤੇ ਲੰਘ ਰਹੀਆਂ ਭਾਰੀ ਕਰੈਸ਼ਰ ਦੀਆਂ ਗੱਡੀਆਂ 'ਤੇ ਮੁਕੰਮਲ ਰੋਕ ਲਗਾਈ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਸਿੰਘ ਟਿੰਮੀ, ਧਰਮਿੰਦਰ ਸਿੰਘ ਮੁਕੇਰੀਆਂ, ਗੁਰਪ੍ਰੀਤ ਸਿੰਘ, ਲਵਲੀ ਲੁਬਾਣਾ, ਅਨਿਲ ਵਸ਼ਿਸ਼ਟ ਭਾਜਪਾ ਆਗੂ, ਸੁਮਿਤ ਡਡਵਾਲ ਆਦਿ ਵੀ ਮੌਜੂਦ ਸਨ |
ਨਾਜਾਇਜ਼ ਤੌਰ 'ਤੇ ਪੁਲ ਤੋਂ ਲੰਘ ਰਹੀਆਂ ਕਰੈਸ਼ਰ ਵਾਲੀਆਂ ਗੱਡੀਆਂ 'ਤੇ ਰੋਕ ਲਗਾਉਣ ਲਈ ਵੱਖ-ਵੱਖ ਜਥੇਬੰਦੀਆਂ ਨੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ
ਅਜੀਤ ਡੈਸਕ
02-04-2026