ਦਸੂਹਾ, 22 ਜਨਵਰੀ (ਕੌਸ਼ਲ)-ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਯੁਵਕ ਮੇਲੇ 'ਚ ਸਕੂਲ ਆਫ਼ ਐਮੀਨੈਂਸ ਦਸੂਹਾ ਦੀਆਂ ਐਨ. ਐਸ. ਐਸ. ਵਲੰਟੀਅਰਜ਼ ਨੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ | ਇਸ ਸੰਬੰਧੀ ਪ੍ਰੋਗਰਾਮ ਅਫ਼ਸਰ ਲੈਕਚਰਾਰ ਬਲਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਪ੍ਰੀਤ ਕੋਹਲੀ ਦੀ ਅਗਵਾਈ ਹੇਠ ਹੋਏ ਇਸ ਯੁਵਕ ਮੇਲੇ ਵਿਚ ਸਕੂਲ ਦੇ ਸਾਇੰਸ ਵਿਭਾਗ ਦੀ ਵਿਦਿਆਰਥਣ ਸੋਨਾਲੀ ਨੇ ਕਵਿਤਾ ਗਾਇਨ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਆਰਟਸ ਵਿਭਾਗ ਦੀਆਂ ਵਿਦਿਆਰਥਣਾਂ ਦਮਨਪ੍ਰੀਤ ਕੌਰ ਅਤੇ ਮੋਨਿਕਾ ਨੇ ਸੁੰਦਰ ਲਿਖਾਈ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਿਲ ਕਰਕੇ ਸਕੂਲ ਤੇ ਕੌਮੀ ਸੇਵਾ ਯੋਜਨਾ ਇਕਾਈ ਦਾ ਨਾਂਅ ਰੌਸ਼ਨ ਕੀਤਾ | ਬਲਜੀਤ ਸਿੰਘ ਨੇ ਦੱਸਿਆ ਕਿ ਸਾਲ 2019 ਤੋਂ ਹੀ ਸਕੂਲ ਦੀ ਐਨ. ਐੱਸ. ਐੱਸ. ਯੂਨਿਟ ਦੇ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ ਰਾਹੀਂ ਸਮਾਜ ਭਲਾਈ ਦੇ ਕਾਰਜ ਕਰਦਿਆਂ ਰਾਸ਼ਟਰ ਨਿਰਮਾਣ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ | ਇਸ ਮੌਕੇ ਪਰਵਿੰਦਰ ਕੁਮਾਰ ਲਾਇਬ੍ਰੇਰੀਅਨ, ਲੈਕਚਰਾਰ ਰੋਹਿਤ ਕੁਮਾਰ ਲੈਕਚਰਾਰ ਸੁਖਵੀਰ ਸਿੰਘ ਅਤੇ ਸਾਹਿਲ ਸ਼ਰਮਾ ਐੱਸ. ਐੱਲ. ਏ. ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ |