ਮੁਕੇਰੀਆਂ, 22 ਜਨਵਰੀ (ਰਾਮਗੜ੍ਹੀਆ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹੁਸ਼ਿਆਰਪੁਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਸੀ.ਡੀ.ਪੀ.ਓ. ਰਾਜ ਰਾਣੀ ਵਲੋਂ ਨਵਜੰਮੀਆਂ ਧੀਆਂ ਦੀ ਲੋਹੜੀ ਪੁਰਾਣੀ ਕੋਰਟ ਕੰਪਲੈਕਸ ਬਲਾਕ ਮੁਕੇਰੀਆਂ ਵਿਖੇ ਮਨਾਈ ਗਈ | ਇਸ ਦੌਰਾਨ 50 ਨਵਜੰਮੀਆਂ ਬੱਚਿਆਂ ਨੂੰ ਤੋਹਫ਼ੇ ਤੇ ਮਠਿਆਈਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋ ਹਲਕਾ ਇੰਚਾਰਜ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਅਤੇ ਬਲਾਕ ਪ੍ਰਧਾਨ ਜਤਿੰਦਰ ਸ਼ਰਮਾ ਸ਼ਾਮਿਲ ਹੋਏ | ਗੁਰਧਿਆਨ ਸਿੰਘ ਨੇ ਮਾਵਾਂ ਅਤੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਪ੍ਰਗਤੀਸ਼ੀਲ ਸਮਾਜ ਵਿੱਚ ਲੜਕਿਆਂ ਅਤੇ ਲੜਕੀਆਂ ਵਿਚ ਕੋਈ ਭੇਦਭਾਵ ਨਹੀਂ ਰਹਿ ਗਿਆ ਹੈ, ਕਿਉਂਕਿ ਲੜਕੀਆਂ ਹਰ ਖੇਤਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਉਹ ਸਮਾਂ ਸੀ ਜਦੋਂ ਧੀਆਂ ਦੇ ਜਨਮ ਨੂੰ ਖੁਸ਼ੀ ਨਾਲ ਨਹੀਂ ਮਨਾਇਆ ਜਾਂਦਾ ਸੀ ਪਰ ਹੁਣ ਧੀਆਂ ਦਾ ਸਵਾਗਤ ਪੂਰੇ ਉਤਸ਼ਾਹ ਨਾਲ ਕੀਤਾ ਜਾਂਦਾ ਹੈ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਧੀਆਂ ਨੂੰ ਬਰਾਬਰ ਦੇ ਮੌਕੇ, ਸਿੱਖਿਆ ਅਤੇ ਆਪਣੇ ਫੈਸਲੇ ਖੁਦ ਲੈਣ ਦੀ ਆਜ਼ਾਦੀ ਦਿੱਤੀ ਜਾਵੇ ਤਾਂ ਜੋ ਉਹ ਜੀਵਨ ਵਿਚ ਨਵੀਆਂ ਉਚਾਈਆਂ ਹਾਸਿਲ ਕਰ ਸਕਣ |