ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਥਾਣਾ ਐਨ.ਆਰ.ਆਈ. ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਦਰਜ ਇਕ ਮਾਮਲੇ ਦੀ ਲੋੜੀਂਦੀ ਕਥਿਤ ਦੋਸ਼ੀ ਔਰਤ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਰਨਵੀਰ ਸਿੰਘ ਮਾਜੂ ਜੇ.ਐਮ.ਆਈ.ਸੀ. ਹੁਸ਼ਿਆਰਪੁਰ ਦੀ ਅਦਾਲਤ ਵਲੋਂ 22 ਅਕਤੂਬਰ 2024 ਨੂੰ ਕਥਿਤ ਦੋਸ਼ੀ ਔਰਤ ਜਸਵਿੰਦਰ ਕੌਰ ਉਰਫ਼ ਬੇਬੀ ਪਤਨੀ ਜਨਕ ਰਾਜ ਵਾਸੀ ਪਿੰਡ ਕਿੱਤਣਾ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦਿੰਦਿਆਂ ਐਲ.ਓ.ਸੀ. ਜਾਰੀ ਕੀਤੀ ਹੋਈ ਸੀ | ਜ਼ਿਕਰਯੋਗ ਹੈ ਕਿ 30 ਜੁਲਾਈ 2019 ਨੂੰ ਥਾਣਾ ਐਨ.ਆਰ.ਆਈ. ਪੁਲਿਸ ਹੁਸ਼ਿਆਰਪੁਰ 'ਚ ਪਰਮਜੀਤ ਰਾਏਪੁਰੀ ਪੁੱਤਰੀ ਸੀਰੀ ਰਾਮ ਵਾਸੀ ਪਿੰਡ ਕਿੱਤਣਾ ਹਾਲ ਵਾਸੀ ਜਰਮਨੀ ਦੇ ਬਿਆਨਾਂ 'ਤੇ ਪਰਸਨ ਸਿੰਘ ਪੁੱਤਰ ਚੂਹੜ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਪਰਸਨ ਸਿੰਘ, ਬਲਜੀਤ ਕੌਰ ਬੇਦੀ ਪਤਨੀ ਰੇਸ਼ਮ ਸਿੰਘ ਬੇਦੀ, ਜਸਵਿੰਦਰ ਕੌਰ ਬੇਬੀ ਪਤਨੀ ਜਨਕ ਰਾਜ, ਰਾਜ ਕੁਮਾਰ ਪੁੱਤਰ ਵਰਿਆਮਾ ਰਾਮ, ਪਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ, ਰਾਮ ਨਾਥ ਪੁੱਤਰ ਮਹਿੰਗਾ ਰਾਮ, ਹਰਮੇਸ਼ ਲਾਲ ਪੁੱਤਰ ਭਗਵਾਨ ਦਾਸ ਅਤੇ ਜੀਤਾ ਉਰਫ਼ ਗੁਰਜੀਤ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀਆਨ ਪਿੰਡ ਕਿੱਤਣਾ (ਹੁਸ਼ਿਆਰਪੁਰ) ਖ਼ਿਲਾਫ਼ ਧਮਕੀਆਂ ਦੇਣ, ਮਕਾਨ ਦੀਆਂ ਕੰਧਾਂ ਢਾਉਣ ਅਤੇ ਸੀਮਿੰਟ, ਸਰੀਏ ਸਮੇਤ ਹੋਰ ਸਾਮਾਨ ਚੋਰੀ ਕਰਨ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਸੀ | ਪੁਲਿਸ ਨੇ ਮਾਮਲੇ ਦੀ ਲੋੜੀਂਦੀ ਕਥਿਤ ਦੋਸ਼ੀ ਔਰਤ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਤੋਂ ਗਿ੍ਫ਼ਤਾਰ ਕਰ ਲਿਆ ਹੈ |