27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਕੋਈ ਵੀ ਤਾਕਤ ਔਰਤਾਂ ਨੂੰ ਇਨਸਾਫ਼ ਮਿਲਣ ਤੋਂ ਨਹੀਂ ਰੋਕ ਸਕਦੀ-ਪ੍ਰਧਾਨ ਮੰਤਰੀ

ਕੋਈ ਵੀ ਤਾਕਤ ਔਰਤਾਂ ਨੂੰ ਇਨਸਾਫ਼ ਮਿਲਣ ਤੋਂ ਨਹੀਂ ਰੋਕ ਸਕਦੀ-ਪ੍ਰਧਾਨ ਮੰਤਰੀ

ਅਜੀਤ ਡੈਸਕ 27-11-2026

ਸੰਵਿਧਾਨ ਨੂੰ ਦੱਸਿਆ ‘ਲੋਕਤੰਤਰ ਦਾ ਆਧਾਰ’
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਨੂੰ ਲੋਕਤੰਤਰ ਦਾ ਆਧਾਰ ਦੱਸਦਿਆਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਤਾਕਤ ਔਰਤਾਂ ਨੂੰ ਇਨਸਾਫ਼ ਮਿਲਣ ਤੋਂ ਨਹੀਂ ਰੋਕ ਸਕਦੀ । ਉਨ੍ਹਾਂ ਸੰਸਦ ਵਿਚ ਹਲਕਾਬੰਦੀ ਨਾਲ ਜੁੜੇ ਸੰਵਿਧਾਨ ਸੋਧ ਬਿੱਲ, ਜਿਸ ਵਿਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਦੀ ਵਿਵਸਥਾ ਸੀ, ਦੇ ਡਿੱਗਣ ਲਈ ‘ਇਕ ਵਿਰੋਧੀ ਪਾਰਟੀ’ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਦਾ ਸਫ਼ਰ ਉਨ੍ਹਾਂ ਮਹਾਨ ਔਰਤਾਂ ਨੂੰ ਮਾਨਤਾ ਦਿੱਤੇ ਬਿਨਾਂ ਅਧੂਰਾ ਰਹੇਗਾ, ਜਿਨ੍ਹਾਂ ਨੇ ਇਸ ਨੂੰ ਘੜਨ ਵਿਚ ਮਦਦ ਕੀਤੀ ਸੀ । ਪ੍ਰਧਾਨ ਮੰਤਰੀ ਨੇ ਸੰਵਿਧਾਨ ਨੂੰ ਲੋਕਤੰਤਰ ਦਾ ਆਧਾਰ ਦੱਸਦਿਆਂ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਸੰਵਿਧਾਨ ਦੀ ਬੁਨਿਆਦੀ ਭਾਵਨਾ ਨੂੰ ਸਮਝਣ ਅਤੇ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕ ਰਹਿਣ। ਉਨ੍ਹਾਂ ਕਿਹਾ ਕਿ ਵਿਧਾਨਕ ਸੰਸਥਾਵਾਂ ਵਿਚ ਔਰਤਾਂ ਨੂੰ ਢੁਕਵੀਂ ਨੁਮਾਇੰਦਗੀ ਦੇਣ ਵਾਲੇ ਕਾਨੂੰਨ ਨੂੰ ਇਕ ਵਿਰੋਧੀ ਪਾਰਟੀ ਨੇ ਪਾਸ ਨਹੀਂ ਹੋਣ ਦਿੱਤਾ, ਜਿਸ ਤੋਂ ਇਕ ਵਾਰ ਫਿਰ ‘ਸੰਵਿਧਾਨਕ ਕਦਰਾਂ-ਕੀਮਤਾਂ ਪ੍ਰਤੀ ਉਨ੍ਹਾਂ ਦੀ ਅਵੱਗਿਆ’ ਜ਼ਾਹਿਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਭਾਰਤ ਦੀ ‘ਨਾਰੀ ਸ਼ਕਤੀ’ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਕੋਈ ਵੀ ਤਾਕਤ ਸਾਨੂੰ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਤੋਂ ਨਹੀਂ ਰੋਕ ਸਕਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਨੂੰ ਲੋਕਤੰਤਰ ਦਾ ਆਧਾਰ ਦੱਸਦਿਆਂ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਸੰਵਿਧਾਨ ਦੀ ਬੁਨਿਆਦੀ ਭਾਵਨਾ ਨੂੰ ਸਮਝਣ ਅਤੇ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕ ਰਹਿਣ। ਪ੍ਰਧਾਨ ਮੰਤਰੀ ਨੇ ਉਕਤ ਸੰਦੇਸ਼ ਸੰਵਿਧਾਨ ਦਿਵਸ ਮੌਕੇ ਲਿਖੇ ਇਕ ਲੇਖ ਰਾਹੀਂ ਦਿੱਤਾ। ਮੋਦੀ ਨੇ ਸੰਵਿਧਾਨ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਭਾਰਤ ਜਿਹੇ ਵੰਨ-ਸੁਵੰਨਤਾ ਨਾਲ ਭਰੇ ਦੇਸ਼ ’ਚ ਇਹ ਬਹੁਤ ਜ਼ਰੂਰੀ ਹੈ ਕਿ ਸੰਵਿਧਾਨ ਦੀ ਗੂੰਜ ਸਿਰਫ਼ ਸੰਸਦ ਅਤੇ ਅਦਾਲਤਾਂ ਤੱਕ ਸੀਮਤ ਨਾ ਰਹੇ, ਸਗੋਂ ਸਮਾਜ ਦੇ ਹਰ ਵਰਗ ਅਤੇ ਹਰ ਨਾਗਰਿਕ ਤੱਕ ਪਹੁੰਚੇ। ਪ੍ਰਧਾਨ ਮੰਤਰੀ ਨੇ ਆਪਣੇ ਲੇਖ ’ਚ ਕਾਂਗਰਸ ’ਤੇ ਓ.ਬੀ.ਸੀ. ਦੇ ਹੱਕਾਂ, ਸੰਸਦ ’ਚ ਔਰਤਾਂ ਦੀ ਹਿੱਸੇਦਾਰੀ ਵਾਲੇ ਕਾਨੂੰਨਾਂ ਨੂੰ ਰੋਕਣ ਅਤੇ ਚੁਣੀਆਂ ਹੋਈਆਂ ਰਾਜ ਸਰਕਾਰਾਂ ਨੂੰ ਬਰਖ਼ਾਸਤ ਕਰਨ ਲਈ ਧਾਰਾ 356 ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ। ਪ੍ਰਧਾਨ ਮੰਤਰੀ ਨੇ ਨਕਸਲਵਾਦ ਖ਼ਤਮ ਕਰਨ ਦਾ ਦਾਅਵਾ ਕਰਦਿਆਂ ਇਕ ਵਾਰ ਫਿਰ ਦਿਮਾਗ਼ੀ ਨਕਸਲ ਸ਼ਬਦ ਦੀ ਵਰਤੋਂ ਕਰਦਿਆਂ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਧਾਰਾ 370 ਅਤੇ 35ਏ ’ਚ ਕੀਤੇ ਬਦਲਾਵਾਂ ਨੇ ਇਕ ਅਜਿਹੀ ਇਤਿਹਾਸਕ ਗ਼ਲਤੀ ਨੂੰ ਸੁਧਾਰਿਆ ਹੈ, ਜਿਸ ਕਾਰਨ ਐਸ.ਸੀ., ਐਸ.ਟੀ., ਓ.ਬੀ.ਸੀ. ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਿਆ ਰੱਖਿਆ ਗਿਆ ਸੀ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਸਭ ਤੋਂ ਵੱਡੀ ਵਿਰੋਧੀ ਧਿਰ ਓ.ਬੀ.ਸੀ. ਰਾਖਵੇਂਕਰਨ ਨੂੰ ਘੱਟ ਕਰਕੇ ਮੁਸਲਮਾਨਾਂ ਲਈ ਰਾਖਵਾਂਕਰਨ ਲਾਗੂ ਕਰਨਾ ਚਾਹੁੰਦੀ ਹੈ, ਜਦਕਿ ਡਾਕਟਰ ਬਾਬਾ ਸਾਹਿਬ ਅੰਬੇਡਕਰ ਅਤੇ ਹੋਰ ਸੰਵਿਧਾਨ ਨਿਰਮਾਤਾ ਵੀ ਮੁਸਲਮਾਨਾਂ ਲਈ ਰਾਖਵੇਂਕਰਨ ਖ਼ਿਲਾਫ਼ ਸਨ। ਮੋਦੀ ਨੇ ਔਰਤਾਂ ਦੇ ਸੰਸਦ ’ਚ ਰਾਖਵੇਂਕਰਨ ਦਾ ਆਪਣਾ ਸੰਕਲਪ ਦੁਹਰਾਉਂਦਿਆਂ ਇਕ ਵਾਰ ਫਿਰ ਵਿਰੋਧੀ ਧਿਰਾਂ ’ਤੇ ਇਸ ਨੂੰ ਰੋਕਣ ਦਾ ਦੋਸ਼ ਲਗਾਇਆ। ਪ੍ਰਧਾਨ ਮੰਤਰੀ ਦਾ ਬਿਆਨ ਅਜਿਹੇ ਸਮੇਂ ’ਤੇ ਆਇਆ ਹੈ ਜਦੋਂ ਸਰਕਾਰ ਵਲੋਂ ਰਸਮੀ ਤੌਰ ’ਤੇ ਸੰਸਦ ਦਾ ਮੌਨਸੂਨ ਇਜਲਾਸ ਖ਼ਤਮ ਨਾ ਕਰਨ ’ਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸਰਕਾਰ ਹੱਦਬੰਦੀ ਅਤੇ ਸੰਸਦ ’ਚ ਔਰਤਾਂ ਲਈ ਰਾਖਵੇਂਕਰਨ ਬਾਰੇ ਕਾਨੂੰਨ ਲਿਆਉਣ ਲਈ ਇਸੇ ਇਜਲਾਸ ਤਹਿਤ ਵਿਸ਼ੇਸ਼ ਇਜਲਾਸ ਸੱਦੇਗੀ।

ਅਗਲੀ ਖ਼ਬਰ ਸੰਸਦ ਦਾ ਵਿਸ਼ੇਸ਼ ਇਜਲਾਸ 30 ਨਵੰਬਰ ਤੋਂ ਹੱਦਬੰਦੀ ਤੇ ਔਰਤਾਂ ਲਈ ਰਾਖਵਾਂਕਰਨ ਏਜੰਡੇ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।