15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਫਾਜ਼ਿਲਕਾ ਨੇੜੇ ਸੜਕ ਹਾਦਸੇ ’ਚ 3 ਬੱਚਿਆਂ ਤੇ ਔਰਤ ਸਮੇਤ 5 ਦੀ ਮੌਤ

ਫਾਜ਼ਿਲਕਾ ਨੇੜੇ ਸੜਕ ਹਾਦਸੇ ’ਚ 3 ਬੱਚਿਆਂ ਤੇ ਔਰਤ ਸਮੇਤ 5 ਦੀ ਮੌਤ

ਅਜੀਤ ਡੈਸਕ 16-11-2026

ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ, 15 ਨਵੰਬਰ-ਫਾਜ਼ਿਲਕਾ-ਜਲਾਲਾਬਾਦ ਰੋਡ ’ਤੇ ਐਤਵਾਰ ਸ਼ਾਮ ਇਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਕਰੂਜ਼ਰ ਤੇ ਬੋਲੈਰੋ ਪਿਕਅਪ ਗੱਡੀ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 11 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਤਿੰਨ ਬੱਚੇ, ਇਕ ਔਰਤ ਤੇ ਇਕ ਪੁਰਸ਼ ਸ਼ਾਮਿਲ ਹਨ । ਜਾਣਕਾਰੀ ਅਨੁਸਾਰ ਕਰੂਜ਼ਰ ਗੱਡੀ ਵਿਚ ਸਵਾਰ ਲੋਕ ਫ਼ਾਜ਼ਿਲਕਾ ਨੇੜਲੇ ਪਿੰਡ ਕਰਨੀ ਖੇੜਾ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਉਪਰੰਤ ਵਾਪਸ ਆਪਣੇ ਪਿੰਡ ਟਿਵਾਣਾ ਵੱਲ ਪਰਤ ਰਹੇ ਸਨ । ਇਸ ਦੌਰਾਨ ਫ਼ਾਜ਼ਿਲਕਾ ਤੋਂ ਕਰੀਬ ਚਾਰ-ਪੰਜ ਕਿਲੋਮੀਟਰ ਦੂਰ ਜਲਾਲਾਬਾਦ ਰੋਡ ’ਤੇ ਸ਼ਾਮ ਕਰੀਬ 6:30 ਤੋਂ 7 ਵਜੇ ਦਰਮਿਆਨ ਉਨ੍ਹਾਂ ਦੀ ਕਰੂਜ਼ਰ ਗੱਡੀ ਦੀ ਸਾਹਮਣੇ ਤੋਂ ਆ ਰਹੀ ਬੋਲੈਰੋ ਪਿਕਅਪ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਰਾਹਤ ਕਾਰਜ ਚਲਾਉਂਦਿਆਂ ਜ਼ਖ਼ਮੀਆਂ ਨੂੰ ਸਰਕਾਰੀ ਸਿਵਲ ਹਸਪਤਾਲ ਫ਼ਾਜ਼ਿਲਕਾ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਪੰਜ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਹੋਰ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਹੋਰ ਹਸਪਤਾਲਾਂ ਵਿਚ ਰੈਫ਼ਰ ਕੀਤਾ ਗਿਆ। ਸਰਕਾਰੀ ਸਿਵਲ ਹਸਪਤਾਲ ਫ਼ਾਜ਼ਿਲਕਾ ਦੇ ਐੱਸ. ਐੱਮ. ਓ. ਡਾ. ਐਰਿਕ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਪੰਜ ਵਿਅਕਤੀਆਂ ਦੀ ਪਛਾਣ ਹੋ ਗਈ ਹੈ। ਮ੍ਰਿਤਕਾਂ ਵਿਚ ਦੇਸੋ ਬਾਈ ਪਤਨੀ ਗੁਰਦੀਪ ਸਿੰਘ ਵਾਸੀ ਹਿਸਾਰ (ਹਰਿਆਣਾ) ਉਮਰ ਕਰੀਬ 75 ਸਾਲ, ਕਰੂਜ਼ਰ ਗੱਡੀ ਦਾ ਡਰਾਈਵਰ ਮਨਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਟਿਵਾਣਾ ਕਲਾਂ ਉਮਰ ਕਰੀਬ 26 ਸਾਲ, ਸਚਿਨ ਪੁੱਤਰ ਸੁਖਦੇਵ ਸਿੰਘ ਵਾਸੀ ਟਿਵਾਣਾ ਕਲਾਂ ਉਮਰ ਕਰੀਬ 15 ਸਾਲ, ਜੋਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਮਰ ਕਰੀਬ 27 ਸਾਲ ਅਤੇ ਡੇਢ ਸਾਲ ਦੀ ਮਾਸੂਮ ਬੱਚੀ ਗੁਰਲੀਨ ਕੌਰ ਸ਼ਾਮਿਲ ਹਨ। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੀ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਵਾਪਰੇ ਇਸ ਹਾਦਸੇ ਦੀ ਜਾਣਕਾਰੀ ਲੈਂਦਿਆਂ ਮ੍ਰਿਤਕ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਜ਼ਖ਼ਮੀਆਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਕਿਹਾ। ਇਸ ਦੌਰਾਨ ਐੱਸ.ਪੀ. ਸਤਿੰਦਰ ਕੁਮਾਰ ਵੀ ਸਿਵਲ ਹਸਪਤਾਲ ’ਚ ਹਾਜ਼ਰ ਸਨ।

ਪਿਛਲੀ ਖ਼ਬਰ ਆਦਿਵਾਸੀਆਂ ਨੂੰ ਨਕਸਲੀ ਹਿੰਸਾ ਕਾਰਨ ਸਭ ਤੋਂ ਵੱਧ ਮਾਰ ਝੱਲਣੀ ਪਈ-ਮੋਦੀ ਅਗਲੀ ਖ਼ਬਰ ਰਾਜਸਥਾਨ ਰੇਲਵੇ ਟਰੈਕ ਧਮਾਕਾ ਮਾਮਲੇ ਦੀਆਂ ਤਾਰਾਂ ਪੰਜਾਬ ਨਾਲ ਜੁੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।