![]()
ਘਨੌਰ, 2 ਨਵੰਬਰ (ਸਰਦਾਰਾ ਸਿੰਘ ਲਾਛੜੂ)-ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਹਲਕਾ ਘਨੌਰ ਅਧੀਨ ਪੈਂਦੇ ਪਿੰਡ ਮੰਡੌਲੀ ਵਿਖੇ 432.66 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਤਿ-ਆਧੁਨਿਕ ਸਤਹੀ ਜਲ ਸਪਲਾਈ ਪ੍ਰਾਜੈਕਟਾਂ (ਵਾਟਰ ਟਰੀਟਮੈਂਟ ਪਲਾਂਟ) ਦਾ ਉਦਘਾਟਨ ਕਰਕੇ ਇਨ੍ਹਾਂ ਨੂੰ ਲੋਕਾਂ ਨੂੰ ਸਮਰਪਿਤ ਕੀਤਾ । ਇਸ ਇਤਿਹਾਸਕ ਪ੍ਰਾਜੈਕਟ ਨਾਲ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ 316 ਪਿੰਡਾਂ ਦੇ 75,000 ਘਰਾਂ ਤੇ 4.50 ਲੱਖ ਤੋਂ ਵੱਧ ਵਸਨੀਕਾਂ ਨੂੰ 752 ਕਿਲੋਮੀਟਰ ਲੰਮੀ ਪਾਈਪਲਾਈਨ ਰਾਹੀਂ ਰੋਜ਼ਾਨਾ ਸਾਫ਼ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ । ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੰਡੌਲੀ 266.20 ਕਰੋੜ ਰੁਪਏ ਤੇ ਪਬਰੀ 166.46 ਕਰੋੜ ਰੁਪਏ ਵਿਖੇ ਸਥਾਪਤ ਪਲਾਂਟਾਂ ਦੀ ਕੁੱਲ ਸਮਰਥਾ ਰੋਜ਼ਾਨਾ 69 ਮਿਲੀਅਨ ਲੀਟਰ ਪਾਣੀ ਸਾਫ਼ ਕਰਨ ਦੀ ਹੈ । ਇਸ ਖੇਤਰ ਦੇ ਧਰਤੀ ਹੇਠਲੇ ਪਾਣੀ ਵਿਚ ਫਲੋਰਾਈਡ ਤੇ ਭਾਰੀ ਧਾਤਾਂ ਦੀ ਮਾਤਰਾ ਖ਼ਤਰਨਾਕ ਪੱਧਰ ’ਤੇ ਪਹੁੰਚ ਚੁੱਕੀ ਸੀ, ਜਿਸ ਕਾਰਨ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਨਹਿਰੀ ਪਾਣੀ ਦੇਣ ਦਾ ਫ਼ੈਸਲਾ ਲਿਆ ਗਿਆ । ਪਾਣੀ ਦੀ ਗੁਣਵੱਤਾ ਦੀ ਨਿਰੰਤਰ ਨਿਗਰਾਨੀ ਲਈ ਸਕਾਡਾ ਸਿਸਟਮ ਤੇ ਆਧੁਨਿਕ ਲੈਬਾਰਟਰੀਆਂ ਸਥਾਪਤ ਕੀਤੀਆਂ ਗਈਆਂ ਹਨ । ਉਨ੍ਹਾਂ ਐਲਾਨ ਕੀਤਾ ਕਿ ਜਲਦੀ ਹੀ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਸ਼ਹਿਰਾਂ ਵਿਚ ਵੀ ਨਹਿਰੀ ਪਾਣੀ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ । ਮੁੱਖ ਮੰਤਰੀ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਲਗਭਗ 80 ਸਾਲਾਂ ਬਾਅਦ ਵੀ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਲਈ ਤਰਸਣਾ ਪੈ ਰਿਹਾ ਸੀ, ਜਿਸ ਵੱਲ ਪਿਛਲੀਆਂ ਸਰਕਾਰਾਂ ਨੇ ਕਦੇ ਧਿਆਨ ਨਹੀਂ ਦਿੱਤਾ । ਰਵਾਇਤੀ ਸਿਆਸੀ ਪਾਰਟੀਆਂ ’ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਪੰਜਾਬ ਦੇ ਵਿਕਾਸ ਨੂੰ ਰੋਕਣ ਲਈ ਇਕਜੁੱਟ ਹੋ ਚੁੱਕੀਆਂ ਹਨ । ਉਨ੍ਹਾਂ ਅੱਗੇ ਕਿਹਾ ਕਿ ਇਹ ਰਵਾਇਤੀ ਆਗੂ ਇਸ ਗੱਲੋਂ ਬੇਚੈਨ ਹਨ ਕਿ ਇਕ ਸਾਧਾਰਨ ਪਰਿਵਾਰ ਦਾ ਪੁੱਤ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਦੇ ਭਲੇ ਲਈ ਕੰਮ ਕਰ ਰਿਹਾ ਹੈ । ਪੰਜਾਬ ਵਾਸੀਆਂ ਦੇ ਪਿਆਰ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਦੱਸਦਿਆਂ ਉਨ੍ਹਾਂ ਕਿਹਾ ਕਿ ਜਿਵੇਂ 2022 ਵਿਚ ਜਨਤਾ ਨੇ ਵੱਡੇ-ਵੱਡੇ ਸਿਆਸੀ ਦਿੱਗਜਾਂ ਨੂੰ ਘਰ ਬਿਠਾਇਆ ਸੀ, ਉਸੇ ਤਰ੍ਹਾਂ 2027 ਵਿਚ ਵੀ ਵਿਰੋਧੀਆਂ ਨੂੰ ਕਰਾਰਾ ਜਵਾਬ ਮਿਲੇਗਾ । ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਹਲਕੇ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੱਤੀ ਹੈ । ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ‘ਆਪ’ ਆਗੂ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕਾ ਨੀਨਾ ਮਿੱਤਲ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸ.ਐਸ.ਪੀ. ਹਰਮਨਦੀਪ ਹਾਂਸ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ ।