ਜਲੰਧਰ, 6 ਸਤੰਬਰ (ਸ਼ਿਵ ਸ਼ਰਮਾ)- ਬਿਜਲੀ ਦੀ ਕਮੀ ਕਾਰਨ ਸੂਬੇ ਦੀ ਇੰਡਸਟਰੀ ’ਤੇ ਲੱਗ ਰਹੇ ਕੱਟਾਂ ਕਰਕੇ ਜਿੱਥੇ ਸਨਅਤਕਾਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕੋਲੇ ਦੀ ਕਮੀ ਨਾਲ ਵੀ ਸੰਕਟ ਹੋਰ ਵੱਧਣ ਦੀ ਸੰਭਾਵਨਾ ਹੈ। ਕੇਂਦਰੀ ਬਿਜਲੀ ਅਥਾਰਟੀ (ਸੀ.ਈ.ਏ.) ਦੀ ਤਾਜ਼ਾ ਰਿਪੋਰਟ ਮੁਤਾਬਿਕ ਦੇਸ਼ ਭਰ ਦੇ 57 ਕੋਲਾ ਆਧਾਰਿਤ ਥਰਮਲ ਪਾਵਰ ਪਲਾਂਟਾਂ ਵਿਚ ਕੋਲੇ ਦਾ ਭੰਡਾਰ ਗੰਭੀਰ ਪੱਧਰ ’ਤੇ ਪਹੁੰਚ ਗਿਆ ਹੈ। ਇਨ੍ਹਾਂ ਵਿਚ ਪੰਜਾਬ ਦੇ ਨਿੱਜੀ ਖੇਤਰ ਦੇ ਦੋਵੇਂ ਪ੍ਰਮੁੱਖ ਥਰਮਲ ਪਲਾਂਟ ਵੀ ਸ਼ਾਮਿਲ ਹਨ। ਸੀ.ਈ. ਏ. ਮੁਤਾਬਕ ਜਿਨ੍ਹਾਂ ਥਰਮਲ ਪਲਾਂਟਾਂ ਕੋਲ ਉਨ੍ਹਾਂ ਦੀ ਨਿਰਧਾਰਿਤ ਲੋੜ ਦੇ 25 ਫ਼ੀਸਦੀ ਤੋਂ ਵੀ ਘੱਟ ਕੋਲਾ ਭੰਡਾਰ ਬਚਿਆ ਹੈ, ਉਨ੍ਹਾਂ ਨੂੰ ਨਾਜ਼ੁਕ ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਦੇਸ਼ ਵਿਚ ਅਜਿਹੇ 52 ਥਰਮਲ ਪਲਾਂਟ ਘਰੇਲੂ ਕੋਲੇ, 4 ਆਯਾਤ ਕੀਤੇ ਕੋਲੇ ਅਤੇ 1 ਵਾਸ਼ਰੀ ਕੋਲੇ ’ਤੇ ਚੱਲ ਰਿਹਾ ਹੈ। ਪੰਜਾਬ ਵਿਚ ਕਰੀਬ 3380 ਮੈਗਾਵਾਟ ਸਮਰੱਥਾ ਵਾਲੇ ਦੋਵੇਂ ਨਿੱਜੀ ਥਰਮਲ ਪਲਾਂਟ ਕੋਲੇ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਕਰੀਬ 5 ਦਿਨ ਦਾ, ਜਦਕਿ ਰਾਜਪੁਰਾ ਥਰਮਲ ਪਲਾਂਟ ਕੋਲ 6 ਦਿਨ ਦਾ ਕੋਲਾ ਭੰਡਾਰ ਬਚਿਆ ਹੈ। ਆਮ ਤੌਰ ’ਤੇ ਥਰਮਲ ਪਾਵਰ ਯੂਨਿਟਾਂ ਕੋਲ ਘੱਟੋ-ਘੱਟ 20 ਦਿਨ ਦਾ ਕੋਲਾ ਭੰਡਾਰ ਹੋਣਾ ਚਾਹੀਦਾ ਹੈ। ਪੰਜਾਬ ਦੇ ਸਰਕਾਰੀ ਖੇਤਰ ਦੇ ਥਰਮਲ ਪਲਾਂਟਾਂ ਦੀ ਗੱਲ ਕਰੀਏ ਤਾਂ ਲਹਿਰਾ ਮੁਹੱਬਤ ਕੋਲ 14 ਦਿਨ, ਰੋਪੜ ਕੋਲ 29 ਦਿਨ ਅਤੇ ਗੋਇੰਦਵਾਲ ਸਾਹਿਬ ਕੋਲ 14 ਦਿਨ ਦਾ ਕੋਲਾ ਭੰਡਾਰ ਦੱਸਿਆ ਗਿਆ ਹੈ।
ਕੋਲਾ ਉਤਪਾਦਕ ਸੂਬਿਆਂ ਓਡੀਸ਼ਾ, ਝਾਰਖੰਡ ਅਤੇ ਛੱਤੀਸਗੜ੍ਹ ਵਿਚ ਭਾਰੀ ਮੀਂਹ ਕਾਰਨ ਕੋਲੇ ਦੀ ਖੁਦਾਈ, ਆਵਾਜਾਈ ਅਤੇ ਥਰਮਲ ਪਲਾਂਟਾਂ ਤੱਕ ਸਪਲਾਈ ਪ੍ਰਭਾਵਿਤ ਹੋਈ ਹੈ। ਮੌਨਸੂਨ ਦੌਰਾਨ ਕੋਲਾ ਖਾਣਾਂ ਅਤੇ ਰੇਲ ਮਾਰਗਾਂ ’ਤੇ ਪਾਣੀ ਭਰਨ ਕਾਰਨ ਸਪਲਾਈ ਚੇਨ ’ਤੇ ਦਬਾਅ ਵਧਿਆ ਹੈ। ਦੂਜੇ ਪਾਸੇ ਗਰਮੀ ਅਤੇ ਹੁੰਮਸ ਵਾਲੇ ਮੌਸਮ ਕਾਰਨ ਏਅਰ ਕੰਡੀਸ਼ਨਰਾਂ ਅਤੇ ਹੋਰ ਕੂਲਿੰਗ ਉਪਕਰਨਾਂ ਦੀ ਵਰਤੋਂ ਵਧਣ ਨਾਲ ਬਿਜਲੀ ਦੀ ਮੰਗ ਵੀ ਵਧੀ ਹੈ। ਇਸ ਕਾਰਨ ਥਰਮਲ ਪਲਾਂਟਾਂ ਨੂੰ ਵਧੇਰੇ ਕੋਲਾ ਸਾੜਨਾ ਪੈ ਰਿਹਾ ਹੈ।
ਸੀ.ਈ.ਏ. ਦੇ ਅੰਕੜਿਆਂ ਮੁਤਾਬਕ ਉੱਤਰੀ ਖੇਤਰ ਵਿਚ ਰਾਜਸਥਾਨ ਦੇ ਸਾਰੇ 7 ਅਤੇ ਉੱਤਰ ਪ੍ਰਦੇਸ਼ ਦੇ 4 ਥਰਮਲ ਪਲਾਂਟ ਗੰਭੀਰ ਕੋਲਾ ਭੰਡਾਰ ਵਾਲੀ ਸ਼੍ਰੇਣੀ ਵਿਚ ਹਨ। ਐਨ.ਟੀ.ਪੀ.ਸੀ. ਅਤੇ ਇਸ ਦੇ ਸਾਂਝੇ ਉੱਦਮਾਂ ਦੇ ਵੀ 7 ਥਰਮਲ ਪਲਾਂਟ ਇਸ ਸੂਚੀ ਵਿਚ ਸ਼ਾਮਿਲ ਹਨ। ਕੋਲੇ ਦੀ ਸਪਲਾਈ ਦੀ ਤੰਗ ਸਥਿਤੀ ਨੂੰ ਦੇਖਦਿਆਂ ਬਿਜਲੀ ਮੰਤਰਾਲੇ ਵਲੋਂ ਕੁਝ ਪਲਾਂਟਾਂ ਨੂੰ ਆਪਣੀਆਂ ਪਹਿਲਾਂ ਤੋਂ ਤੈਅ ਰੱਖ-ਰਖਾਅ ਦੀਆਂ ਯੋਜਨਾਵਾਂ ਨੂੰ ਕੁਝ ਸਮੇਂ ਲਈ ਮੁਲਤਵੀ ਕਰਨ ਲਈ ਵੀ ਕਿਹਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਬਿਜਲੀ ਮੰਤਰੀ ਵਲੋਂ ਵੀ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਪੱਧਰ ’ਤੇ ਕੋਲੇ ਦੀ ਕਮੀ ਡੂੰਘੀ ਹੋਣ ਕਾਰਨ ਪੰਜਾਬ ਦਾ ਬਿਜਲੀ ਸੰਕਟ ਹੋਰ ਗੰਭੀਰ ਹੋਇਆ ਹੈ।