ਭਿੱਖੀਵਿੰਡ (ਤਰਨ ਤਾਰਨ), 16 ਅਗਸਤ (ਸੁਰਜੀਤ ਕੁਮਾਰ ਬੌਬੀ)-ਬੀਤੇ ਦਿਨੀਂ ਨਜ਼ਦੀਕੀ ਪਿੰਡ ਪਹੂਵਿੰਡ ਵਿਖੇ ਚੱਲ ਰਹੇ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲੀ ਗੋਲੀ ਦੌਰਾਨ ਦੋਵਾਂ ਧਿਰਾਂ ਨਾਲ ਸੰਬੰਧਿਤ ਇਕ–ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਪੁਲਿਸ ਨੇ ਫਿਲਹਾਲ ਇਕ ਧਿਰ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਨਾਲ ਸੰਬੰਧਿਤ ਕਈ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਦਕਿ ਪੁਲਿਸ ਦਾ ਕਹਿਣਾ ਹੈ ਕਿ ਦੂਜੀ ਧਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪਿੰਡ ਪਹੂਵਿੰਡ ਦੇ ਨਿਵਾਸੀ ਸੁਖਰਾਜ ਸਿੰਘ ਨਾਮਕ ਵਿਅਕਤੀ ਨੇ ਕਿਸੇ ਵਿਅਕਤੀ ਨੂੰ ਉਧਾਰ ਪੈਸੇ ਦਿੱਤੇ ਸਨ। ਜਦਕਿ ਉਹ ਵਿਅਕਤੀ ਉਸ ਦੇ ਪੈਸੇ ਵਾਪਸ ਨਹੀਂ ਦੇ ਸਕਿਆ। ਇਸ ਸੰਬੰਧੀ ਉਸ ਵਿਅਕਤੀ ਨੇ ਆਪਣੀ ਕਰੀਬ ਡੇਢ ਏਕੜ ਜ਼ਮੀਨ ਦਾ ਬਿਆਨਾ ਸੁਖਰਾਜ ਸਿੰਘ ਦੇ ਨਾਂਅ ਕਰ ਦਿੱਤਾ ਅਤੇ ਸੁਖਰਾਜ ਸਿੰਘ ਨੇ ਉਸ ਜ਼ਮੀਨ ’ਤੇ ਕਬਜ਼ਾ ਕਰ ਲਿਆ। ਸੰਬੰਧਿਤ ਵਿਅਕਤੀ ਵਲੋਂ ਸੁਖਰਾਜ ਸਿੰਘ ਨੂੰ ਬਿਆਨਾ ਕਰਨ ਤੋਂ ਬਾਅਦ ਉਸ ਨੇ ਇਹ ਜ਼ਮੀਨ ਅਮਰਜੀਤ ਸਿੰਘ ਵਾਸੀ ਪਹੂਵਿੰਡ ਆਦਿ ਨੂੰ 21 ਲੱਖ ਰੁਪਏ ’ਚ ਵੇਚ ਦਿੱਤੀ ਅਤੇ ਉਸ ਦੀ ਰਜਿਸਟਰੀ ਉਨ੍ਹਾਂ ਦੇ ਨਾਂਅ ਕਰ ਦਿੱਤੀ। ਜਦੋਂ ਇਸ ਬਾਰੇ ਸੁਖਰਾਜ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਅਦਾਲਤ ਵਿਚ ਕੇਸ ਕਰ ਦਿੱਤਾ। ਜ਼ਮੀਨ ਦੇ ਮਾਮਲੇ ’ਚ ਦੋਵਾਂ ਧਿਰਾਂ ਕਬਜ਼ੇ ਨੂੰ ਲੈ ਕੇ ਜੱਦੋ-ਜਹਿਦ ਕਰਦੀਆਂ ਰਹੀਆਂ ਅਤੇ ਕਈ ਵਾਰ ਕਬਜ਼ੇ ਨੂੰ ਲੈ ਕੇ ਉਕਤ ਦੋਵਾਂ ਧਿਰਾਂ ਦਾ ਤਕਰਾਰ ਵੀ ਹੁੰਦਾ ਰਿਹਾ। ਪੁਲਿਸ ਵਲੋਂ ਇਸ ਜ਼ਮੀਨ ’ਤੇ ਧਾਰਾ 45 ਲਗਾ ਦਿੱਤੀ ਗਈ ਸੀ। ਬੀਤੀ ਸ਼ਾਮ ਨੂੰ ਕਬਜ਼ੇ ਨੂੰ ਲੈ ਕੇ ਫਿਰ ਦੋਵੇਂ ਧਿਰਾਂ ਆਹਮਣੇ-ਸਾਹਮਣੇ ਹੋਈਆਂ, ਜਿਸ ਦੌਰਾਨ ਚੱਲੀ ਗੋਲੀ ਨਾਲ ਅਮਰਜੀਤ ਸਿੰਘ ਦੇ ਭਰਾ ਨਿਰਮਲ ਸਿੰਘ ਅਤੇ ਦੂਜੀ ਧਿਰ ਦੇ ਸੁਖਰਾਜ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਲੜਾਈ ’ਚ ਸੁਖਰਾਜ ਸਿੰਘ ਦੇ ਲੜਕੇ ਹਰਨੂਰ ਸਿੰਘ ਦੇ ਪੱਟ ’ਚ ਵੀ ਗੋਲੀ ਲੱਗੀ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪੁਲਿਸ ਨੇ ਸੁਖਰਾਜ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਅਮਰਜੀਤ ਸਿੰਘ ਪੁੱਤਰ ਸੁੱਚਾ ਸਿੰਘ, ਮ੍ਰਿਤਕ ਨਿਰਮਲ ਸਿੰਘ ਪੁੱਤਰ ਸੁੱਚਾ ਸਿੰਘ, ਰਣਦੀਪ ਸਿੰਘ ਉਰਫ ਰਾਣਾ ਪੁੱਤਰ ਨਿਰਮਲ ਸਿੰਘ ਵਾਸੀ ਪਹੂਵਿੰਡ, ਸ਼ਰਨਜੀਤ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਪਹੂਵਿੰਡ, ਕੁਲਵੰਤ ਸਿੰਘ ਵਾਸੀ ਪਿੰਡ ਸਰਜਾ ਮਿਰਜ਼ਾ, ਦਲਜੀਤ ਕੌਰ ਪਤਨੀ ਅਮਰਜੀਤ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਪ੍ਰਗਟ ਸਿੰਘ, ਕਾਲੂ ਪੁੱਤਰ ਅਮਰੀਕ ਸਿੰਘ ਅਤੇ ਸਰਬਜੀਤ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਪਹੂਵਿੰਡ ਸਮੇਤ ਚਾਰ ਪੰਜ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਮੁਖੀ ਭਿੱਖੀਵਿੰਡ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੂਜੀ ਧਿਰ ਵਲੋਂ ਅਜੇ ਤੱਕ ਬਿਆਨ ਦਰਜ ਨਹੀਂ ਕਰਵਾਏ ਗਏ। ਉਨ੍ਹਾਂ ਵਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਸ ਅਨੁਸਾਰ ਕਰਾਸ ਕੇਸ ਦਰਜ ਕਰ ਦਿੱਤਾ ਜਾਵੇਗਾ।
ਜ਼ਮੀਨੀ ਝਗੜੇ ’ਚ ਚੱਲੀ ਗੋਲੀ 2 ਮੌਤਾਂ, ਇਕ ਗੰਭੀਰ ਜ਼ਖ਼ਮੀ
ਭਿੱਖੀਵਿੰਡ (ਤਰਨ ਤਾਰਨ), 16 ਅਗਸਤ (ਸੁਰਜੀਤ ਕੁਮਾਰ ਬੌਬੀ)-ਬੀਤੇ ਦਿਨੀਂ ਨਜ਼ਦੀਕੀ ਪਿੰਡ ਪਹੂਵਿੰਡ ਵਿਖੇ ਚੱਲ ਰਹੇ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲੀ ਗੋਲੀ ਦੌਰਾਨ ਦੋਵਾਂ ਧਿਰਾਂ ਨਾਲ ਸੰਬੰਧਿਤ ਇਕ–ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ...
ਅਜੀਤ ਡੈਸਕ
17-08-2026