5 ਅਤੇ 6-12 ਸੀਟਾਂ ਵਾਲੇ ਵਾਹਨਾਂ
'ਤੇ ਲੱਗੇਗਾ ਪਹਿਲਾਂ ਵਾਲਾ ਟੈਕਸ
ਸ਼ਿਮਲਾ, 31 ਮਾਰਚ (ਏਜੰਸੀ)-ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜ ਅਤੇ 6 ਤੋਂ 12 ਸੀਟਾਂ ਵਾਲੇ ਵਾਹਨਾਂ 'ਤੇ ਵਧਾਇਆ ਗਿਆ 'ਐਂਟਰੀ ਟੈਕਸ' ਵਾਪਸ ਲੈ ਲਿਆ ਹੈ | ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਧਾਨ ਸਭਾ 'ਚ ਕਿਹਾ ਕਿ ਹੁਣ ਪਹਿਲਾਂ ਦੀ ਤਰਾਂ ਪੰਜ ਸੀਟਾਂ ਵਾਲੇ ਵਾਹਨਾਂ ਤੋਂ 70 ਰੁਪਏ ਅਤੇ 6 ਤੋਂ 12 ਸੀਟਾਂ ਵਾਲੇ ਵਾਹਨਾਂ ਤੋਂ 110 ਰੁਪਏ ਹੀ 'ਐਂਟਰੀ ਟੈਕਸ' ਲਿਆ ਜਾਵੇਗਾ | ਮੁੱਖ ਮੰਤਰੀ ਨੇ ਸਦਨ 'ਚ ਦੱਸਿਆ ਕਿ 6 ਟਾਇਰਾਂ ਵਾਲੇ ਟਰੱਕ ਦਾ ਟੈਕਸ 320 ਰੁਪਏ ਹੀ ਰੱਖਿਆ ਗਿਆ ਹੈ ਜਦਕਿ 10 ਤੋਂ 14 ਟਾਇਰ ਡਬਲ ਐਕਸਲ ਦਾ 570 ਰੁਪਏ ਹੀ ਨਿਰਧਾਰਤ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਰਾਜ ਸਰਕਾਰ ਨੇ 5 ਸੀਟਾਂ ਵਾਲੇ ਵਾਹਨਾਂ 'ਤੇ ਐਂਟਰੀ ਟੈਕਸ 70 ਰੁਪਏ ਤੋਂ ਵਧਾ ਕੇ 170 ਰੁਪਏ ਅਤੇ 6 ਤੋਂ 12 ਸੀਟਾਂ ਵਾਲੇ ਵਾਹਨਾਂ ਲਈ 110 ਰੁਪਏ ਤੋਂ ਵਧਾ ਕੇ 130 ਰੁਪਏ ਕੀਤਾ ਸੀ | ਇਸ ਫ਼ੈਸਲੇ ਦਾ ਗੁਆਂਢੀ ਰਾਜਾਂ ਪੰਜਾਬ ਅਤੇ ਹਰਿਆਣਾ 'ਚ ਵਿਰੋਧ ਸ਼ੁਰੂ ਹੋ ਗਿਆ ਸੀ | ਖਾਸ ਤੌਰ 'ਤੇ ਸਰਹੱਦੀ ਖੇਤਰ 'ਚ ਰਹਿਣ ਵਾਲੇ ਪੰਜਾਬ ਦੇ ਲੋਕ ਸੜਕਾਂ 'ਤੇ ਉੱਤਰ ਆਏ ਸਨ | ਹਿਮਾਚਲ 'ਚ ਵੀ ਇਸ ਫ਼ੈਸਲੇ ਨੂੰ ਲੈ ਕੇ ਵਿਰੋਧ ਦੇਖਣ ਨੂੰ ਮਿਲਿਆ | ਨਵੀਆਂ ਦਰਾਂ ਅੱਜ 12 ਵਜੇ ਲਾਗੂ ਹੋਣੀਆਂ ਸਨ | ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਹਿਮਾਚਲ ਦੇ ਐਂਟਰੀ ਪੁਆਇੰਟ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ | ਪੰਜਾਬ-ਹਰਿਆਣਾ ਅਤੇ ਹਿਮਾਚਲ 'ਚ ਵਿਰੋਧ ਦੇ ਬਾਅਦ ਇਹ ਮੁੱਦਾ ਭਾਜਪਾ ਵਿਧਾਇਕ ਰਣਧੀਰ ਸ਼ਰਮਾ ਨੇ ਅੱਜ ਵਿਧਾਨ ਸਭਾ ਵਿਚ ਪੁਆਇੰਟ ਆਫ ਆਰਡਰ ਤਹਿਤ ਚੁੱਕਿਆ | ਰਣਧੀਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ 'ਚ ਐਂਟਰੀ ਟੈਕਸ ਨੂੰ ਲੈ ਕੇ ਵੱਡਾ ਵਿਰੋਧ ਹੋ ਰਿਹਾ ਹੈ ਅਤੇ ਇਸ ਨਾਲ ਸਰਹੱਦੀ ਖੇਤਰਾਂ 'ਚ ਕਾਨੂੰਨ-ਵਿਵਸਥਾ ਵਿਗੜਨ ਦਾ ਖਦਸ਼ਾ ਹੈ |
ਹਿਮਾਚਲ ਨੇ 'ਐਂਟਰੀ ਟੈਕਸ' 'ਚ ਵਾਧਾ ਲਿਆ ਵਾਪਸ
ਅਜੀਤ ਡੈਸਕ
01-04-2026