ਵਿਵਾਦਾਂ 'ਚ ਘਿਰਨ ਕਾਰਨ ਬਿੱਲ ਗੇਟਸ ਨੇ ਨਹੀਂ ਦਿੱਤਾ ਸਿਖ਼ਰ ਸੰਮੇਲਨ 'ਚ ਭਾਸ਼ਨ
ਨਵੀਂ ਦਿੱਲੀ, 19 ਫਰਵਰੀ (ਉਪਮਾ ਡਾਗਾ ਪਾਰਥ)-ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਮਨੁੱਖੀ ਇਤਿਹਾਸ 'ਚ ਬਦਲਾਅ ਦੇ ਦੌਰ ਨੂੰ ਪ੍ਰਦਰਸ਼ਿਤ ਕਰ ਰਹੀ ਹੈ ਤੇ ਜਦੋਂ ਅਸੀਂ ਬਦਲਾਅ ਦੇ ਦੌਰ 'ਚ ਹੁੰਦੇ ਹਾਂ ਤਾਂ ਉਸ ਦੇ ਅਸਲ ਪ੍ਰਭਾਵ ਦਾ ਅੰਦਾਜ਼ਾ ਨਹੀਂ ਲਗਾ ਪਾਉਂਦੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਏ.ਆਈ. ਇੰਪੈਕਟ ਸਿਖ਼ਰ ਸੰਮੇਲਨ ਦੇ ਰਸਮੀ ਉਦਘਾਟਨੀ ਭਾਸ਼ਨ 'ਚ ਏ.ਆਈ. ਨੂੰ ਸ਼ਤਾਬਦੀਆਂ 'ਚ ਪਿਛੋਂ ਆਉਣ ਵਾਲਾ ਬਦਲਾਅ ਦੱਸਦਿਆਂ ਉਕਤ ਬਿਆਨ ਦਿੱਤਾ | ਮੋਦੀ ਨੇ ਇਸਦੇ ਨਾਲ ਹੀ ਏ.ਆਈ. ਕਾਰਨ ਨੌਕਰੀਆਂ ਖੁੰਝਣ ਦੇ ਖਦਸ਼ੇ, ਏ.ਆਈ. ਨੂੰ ਜ਼ਿੰਮੇਵਾਰੀ ਨਾਲ ਵਰਤਣ ਦੀ ਤਾਕੀਦ, ਸਮੱਗਰੀ ਦੀ ਮੌਲਿਕਤਾ ਸੰਬੰਧੀ ਸਾਵਧਾਨੀਆਂ ਅਪਣਾਉਣ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਇਸ ਨੂੰ (ਏ.ਆਈ. ਨੂੰ) ਮਨੁੱਖਤਾ ਕੇਂਦਰਿਤ ਬਣਾਉਣ ਦੀ ਅਪੀਲ ਕਰਦਿਆਂ 'ਮਾਨਵ' ਵਿਜ਼ਨ ਵੀ ਪੇਸ਼ ਕੀਤਾ | ਪ੍ਰਧਾਨ ਮੰਤਰੀ ਨੇ ਹਿੰਦੀ ਦੇ ਸ਼ਬਦ 'ਮਾਨਵ' ਨੂੰ ਅੰਗਰੇਜ਼ੀ ਭਾਸ਼ਾ 'ਚ ਸ਼ਾਬਦਿਕ ਅਰਥ ਦਿੰਦਿਆਂ ਕਿਹਾ ਕਿ ਮਾਨਵ ਵਿਜ਼ਨ ਮੁਤਾਬਿਕ ਏ.ਆਈ. ਨੈਤਿਕ, ਜਵਾਬਦੇਹ, ਰਾਸ਼ਟਰੀ ਪ੍ਰਭੂਸੱਤਾ, ਪਹੁੰਚਯੋਗ ਅਤੇ ਵੈਧ ਹੋਣਾ ਚਾਹੀਦਾ ਹੈ ਤਾਂ ਜੋ ਇਹ ਸਿਰਫ ਡੇਟਾ ਪੁਆਇੰਟ ਨਾ ਬਣੇ ਸਗੋਂ ਮਨੁੱਖਤਾ ਦੀ ਭਲਾਈ ਦਾ ਜ਼ਰੀਆ ਬਣੇ |
ਏ.ਆਈ. ਨਾਲ ਨੌਕਰੀਆਂ ਨੂੰ ਨਹੀਂ ਹੈ ਖ਼ਤਰਾ
ਪ੍ਰਧਾਨ ਮੰਤਰੀ ਨੇ ਏ.ਆਈ. ਨੂੰ ਲੈ ਕੇ ਲੋਕਾਂ ਦੇ ਮਨ 'ਚ ਨੌਕਰੀਆਂ ਖਤਮ ਕਰਨ ਦੇ ਸਭ ਤੋਂ ਵੱਡੇ ਖਦਸ਼ੇ ਨੂੰ ਲੈ ਕੇ ਕਿਹਾ ਕਿ ਏ.ਆਈ. ਨੌਕਰੀਆਂ ਖਤਮ ਨਹੀਂ ਕਰੇਗਾ, ਸਗੋਂ ਨਵੇਂ ਮੌਕੇ ਪੈਦਾ ਕਰੇਗਾ | ਉਨ੍ਹਾਂ ਕਿਹਾ ਕਿ ਦਹਾਕਿਆਂ ਪਹਿਲਾਂ ਜਦੋਂ ਇੰਟਰਨੈੱਟ ਦੀ ਸ਼ੁਰੂਆਤ ਹੋਈ ਤਾਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇਸ ਨਾਲ ਕਿੰਨੀਆਂ ਨੌਕਰੀਆਂ ਪੈਦਾ ਹੋਣਗੀਆਂ | ਇਹੀ ਗੱਲ ਏ.ਆਈ. 'ਚ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਮਨੁੱਖ ਅਤੇ ਇੰਟੈਲੀਜੈਂਸ ਸਿਸਟਮ ਦੇ ਨਾਲ ਮਿਲ ਕੇ ਕੰਮ ਕਰਨ ਦਾ ਯੁੱਗ ਹੈ | ਉਨ੍ਹਾਂ ਭਰੋਸਾ ਦਿਵਾਉਂਦਿਆਂ ਕਿਹਾ ਕਿ ਏ.ਆਈ. ਸਾਡੇ ਕੰਮ ਨੂੰ ਵੱਧ ਪ੍ਰਭਾਵਸ਼ਾਲੀ ਅਤੇ ਬਿਹਤਰ ਬਣਾਏਗਾ | ਮੋਦੀ ਨੇ ਇਹ ਵੀ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ 'ਚ ਜਿਥੇ ਏ.ਆਈ. ਨੂੰ ਲੈ ਕੇ ਡਰ ਦਾ ਮਾਹੌਲ ਹੈ ਉਥੇ ਭਾਰਤ ਇਸ ਨੂੰ ਆਪਣੀ ਕਿਸਮਤ ਅਤੇ ਉੱਜਵਲ ਭਵਿੱਖ ਦੇ ਰੂਪ ਵਜੋਂ ਅਤੇ ਆਪਣੀ ਵਿਕਸਤ ਯਾਤਰਾ ਦਾ ਅਗਲਾ ਵੱਡਾ 'ਟਰਨਿੰਗ ਪੁਆਇੰਟ' ਮੰਨਦਾ ਹੈ |
ਮੌਲਿਕਤਾ ਦੀ ਪਛਾਣ ਬਣਾਏ ਰੱਖਣ ਲਈ ਡਿਜੀਟਲ ਲੇਬਿਲੰਗ ਦਾ ਦਿੱਤਾ ਸੁਝਾਅ
ਪ੍ਰਧਾਨ ਮੰਤਰੀ ਨੇ ਜਿਥੇ ਏ.ਆਈ. ਨੂੰ ਮਨੁੱਖੀ ਸਮਰੱਥਾ ਨੂੰ ਵਧਾਉਣ ਵਾਲੇ ਮਦਦਗਾਰ ਵਜੋਂ ਪੇਸ਼ ਕੀਤਾ ਉਥੇ ਇਸ ਨਾਲ ਦਰਪੇਸ਼ ਖਤਰਿਆਂ ਪ੍ਰਤੀ ਵੀ ਖਬਰਦਾਰ ਕੀਤਾ | ਉਨ੍ਹਾਂ ਕਿਹਾ ਕਿ ਡੀਪ ਫੇਕ ਅਤੇ ਫਰਜ਼ੀ ਸਮੱਗਰੀ ਸਮਾਜ 'ਚ ਅਸਥਿਰਤਾ ਲਿਆ ਰਹੇ ਹਨ | ਉਨ੍ਹਾਂ ਨਾਲ ਹੀ ਇਸ ਖਤਰੇ ਤੋਂ ਬਚਣ ਲਈ ਸੁਝਾਅ ਦਿੰਦਿਆਂ ਏ.ਆਈ. ਸੰਬੰਧੀ ਆਲਮੀ ਸਟੈਂਡਰਡ ਤੈਅ ਕਰਨ ਨੂੰ ਕਿਹਾ | ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਖਾਣ ਦੀਆਂ ਵਸਤਾਂ 'ਤੇ ਨਿਉਟਿ੍ਸ਼ਿਅਲ ਲੇਬਲ ਹੁੰਦੇ ਹਨ, ਉਂਝ ਹੀ ਡਿਜੀਟਲ ਵਰਲਡ 'ਚ ਸਮੱਗਰੀ 'ਤੇ ਵੀ ਮੌਲਿਕਤਾ ਲੇਬਿਲੰਗ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਕੀ ਅਸਲੀ ਹੈ ਅਤੇ ਕੀ ਏ.ਆਈ. ਨਾਲ ਬਣਾਇਆ ਗਿਆ ਹੈ | ਉਨ੍ਹਾਂ ਬੱਚਿਆਂ ਦੀ ਸੁਰੱਖਿਆ ਪ੍ਰਤੀ ਵੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਏ.ਆਈ. 'ਚ ਵੀ ਬੱਚਿਆਂ ਦੀ ਸੁਰੱਖਿਆ ਅਤੇ ਪਰਿਵਾਰ ਦੀ ਰਹਿਨੁਮਾਈ ਹੋਣਾ ਜ਼ਰੂਰੀ ਹੈ |
ਮਾਨਵ ਵਿਜ਼ਨ ਕੀਤਾ ਪੇਸ਼
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਏ.ਆਈ. ਲਈ ਨਵਾਂ ਆਲਮੀ ਢਾਂਚਾ ਵੀ ਪੇਸ਼ ਕੀਤਾ | ਉਨ੍ਹਾਂ ਇਸ ਵਿਜ਼ਨ ਨੂੰ ਤਕਨਾਲੋਜੀ ਲਈ ਇਕ ਮਨੁੱਖਤਾ ਆਧਾਰਿਤ ਪਹੁੰਚ ਵਜੋਂ ਦੁਨੀਆ 'ਚ ਨੈਤਿਕ, ਜਵਾਬਦੇਹ ਅਤੇ ਸਭ ਦੇ ਵਿਕਾਸ 'ਤੇ ਆਧਾਰਿਤ ਹੋਣ ਦਾ ਜ਼ੋਰ ਦਿੱਤਾ | ਮੋਦੀ ਨੇ ਕਿਹਾ ਕਿ ਸਵਾਲ ਇਹ ਹੈ ਕਿ ਮੌਜੂਦਾ ਸਮੇਂ 'ਚ ਅਸੀਂ ਏ.ਆਈ. ਨਾਲ ਕੀ ਕਰਦੇ ਹਾਂ | ਉਨ੍ਹਾਂ ਕਿਹਾ ਕਿ ਇਹ ਸਵਾਲ ਮਨੁੱਖਤਾ ਅੱਗੇ ਪਹਿਲਾਂ ਵੀ ਆਏ ਹਨ | ਉਨ੍ਹਾਂ ਪ੍ਰਮਾਣੂ ਊਰਜਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਅਸੀਂ ਉਸਦਾ ਵਿਨਾਸ਼ ਵੀ ਵੇਖਿਆ ਹੈ ਅਤੇ ਇਸ ਦਾ ਹਾਂ ਪੱਖੀ ਯੋਗਦਾਨ ਵੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਏ.ਆਈ. ਇਕ ਬਦਲਾਅ ਲਿਆਉਣ ਵਾਲੀ ਤਾਕਤ ਹੈ ਜੇਕਰ ਇਹ ਦਿਸ਼ਾਹੀਣ ਹੋਈ ਤਾਂ ਤਬਾਹੀ ਹੋਵੇਗੀ, ਸਹੀ ਦਿਸ਼ਾ ਮਿਲੀ ਤਾਂ ਹੱਲ ਪੇਸ਼ ਕਰੇਗੀ | ਉਨ੍ਹਾਂ ਕਿਹਾ ਕਿ ਏ.ਆਈ. ਨੂੰ ਮਸ਼ੀਨ ਆਧਾਰਿਤ ਤੋਂ ਮਨੁੱਖ ਆਧਾਰਿਤ ਕਿਵੇਂ ਬਣਾਈਏ, ਸੰਵੇਦਨਸ਼ੀਲ ਅਤੇ ਜਵਾਬਦੇਹ ਕਿਵੇਂ ਬਣਾਈਏ ਇਹੀ ਇਸ ਆਲਮੀ ਇੰਪੈਕਟ ਸਿਖ਼ਰ ਸੰਮੇਲਨ ਦਾ ਮੂਲ ਉਦੇਸ਼ ਹੈ | ਉਨ੍ਹਾਂ ਕਿਹਾ ਕਿ ਅੱਜ ਅਸੀਂ ਏ.ਆਈ. ਨੂੰ ਜਿਸ ਦਿਸ਼ਾ 'ਚ ਲੈ ਜਾਵਾਂਗੇ, ਇਹ ਉਹੋ ਜਿਹਾ ਹੀ ਸਾਡਾ ਭਵਿੱਖ ਤੈਅ ਕਰੇਗਾ |
ਏ.ਆਈ. ਨੂੰ ਖੁੱਲ੍ਹਾ ਸਰੋਤ ਬਣਾਓ
ਪ੍ਰਧਾਨ ਮੰਤਰੀ ਨੇ ਏ.ਆਈ. ਨੂੰ ਖੁੱਲ੍ਹਾ ਸਰੋਤ ਬਣਾਉਣ ਦੀ ਹਿਮਾਇਤ ਕਰਦਿਆਂ ਕਿਹਾ ਕਿ ਜਦੋਂ ਤਕਨੀਕ ਸਭ ਦੇ ਲਈ ਖੁੱਲ੍ਹੀ ਹੋਏਗੀ, ਤਾਂ ਹੀ ਦੁਨੀਆ ਭਰ ਦੇ ਨੌਜਵਾਨ ਦਿਮਾਗ ਉਸ ਨੂੰ ਬਿਹਤਰ ਅਤੇ ਸੁਰੱਖਿਅਤ ਬਣਾ ਪਾਉਣਗੇ |
ਸਵਿਟਰਜ਼ਰਲੈਂਡ ਦੇ ਰਾਸ਼ਟਰਪਤੀ ਗਾਏ ਪਾਰਮੇਲਿਨ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਦੇਸ਼ 2027 'ਚ ਜਨੇਵਾ ਵਿਖੇ ਏ.ਆਈ. ਸੰਮੇਲਨ ਦੇ ਅਗਲੇ ਐਡੀਸ਼ਨ ਦੀ ਮੇਜ਼ਬਾਨੀ ਕਰਨ ਲਈ ਉਤਸੁਕ ਹੈ |
ਬਿੱਲ ਗੇਟਸ ਨੇ ਨਹੀਂ ਦਿੱਤਾ ਏ.ਆਈ. ਸਿਖਰ ਸੰਮੇਲਨ 'ਚ ਭਾਸ਼ਨ
ਮਾਈਕੋ੍ਰਸਾਫਟ ਦੇ ਸਹਿ ਸੰਸਥਾਪਕ ਬਿੱਲ ਗੇਟਸ ਨੇ ਵੀਰਵਾਰ ਨੂੰ ਏ.ਆਈ. ਸਿਖਰ ਸੰਮੇਲਨ 'ਚ ਮੁੱਖ ਭਾਸ਼ਨ ਨਹੀਂ ਦਿੱਤਾ | ਗੇਟਸ ਫਾਊਾਡੇਸ਼ਨ ਵਲੋਂ ਜਾਰੀ ਬਿਆਨ ਮੁਤਾਬਿਕ ਅਫਰੀਕਾ ਅਤੇ ਭਾਰਤੀ ਖੇਤਰ ਦੇ ਪ੍ਰਧਾਨ ਅੰਕੁਰ ਵੋਰਾ ਇਸ ਸੰਮੇਲਨ 'ਚ ਭਾਸ਼ਨ ਦੇਣਗੇ | ਬਿੱਲ ਗੇਟਸ ਦਾ ਨਾਂਅ ਐਪਸਟੀਨ ਫਾਈਲਸ 'ਚ ਜੁੜਨ ਅਤੇ ਵਿਰੋਧੀ ਧਿਰਾਂ ਵਲੋਂ ਇਸ 'ਚ ਤਿੱਖਾ ਪ੍ਰਤੀਕਰਮ ਕਰਨ ਤੋਂ ਬਾਅਦ ਬਿੱਲ ਗੇਟਸ ਨੂੰ ਅਪਣਾ ਨਾਂਅ ਵਾਪਸ ਲੈਣਾ ਪਿਆ | ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੁੱਖ ਭਾਸ਼ਨ ਦੇ ਬੁਲਾਰਿਆਂ 'ਚੋਂ ਬਿੱਲ ਗੇਟਸ ਦਾ ਨਾਂਅ ਹਟਾਉਣ ਅਤੇ ਫਿਰ ਗੇਟਸ ਫਾਊਾਡੇਸ਼ਨ ਵਲੋਂ ਉਨ੍ਹਾਂ ਦੇ ਸਿਖ਼ਰ ਸੰਮੇਲਨ 'ਚ ਸ਼ਾਮਿਲ ਹੋਣ ਨੂੰ ਲੈ ਕੇ ਕਾਫ਼ੀ ਭੰਬਲ ਭੂਸਾ ਰਿਹਾ | ਫਾਊਾਡੇਸ਼ਨ ਵਲੋਂ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਪਾਏ ਸੰਦੇਸ਼ 'ਚ ਕਿਹਾ ਗਿਆ ਕਿ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਅਤੇ ਸਿਖਰ ਸੰਮੇਲਨ ਦੀਆਂ ਅਹਿਮ ਤਰਜੀਹਾਂ 'ਤੇ ਧਿਆਨ ਕੇਂਦਰਿਤ ਰੱਖਣ ਲਈ ਬਿੱਲ ਗੇਟਸ ਅਪਣਾ ਮੁੱਖ ਭਾਸ਼ਨ ਨਹੀਂ ਦੇਣਗੇ |
ਏ.ਆਈ. ਸਿਖਰ ਸੰਮੇਲਨ 'ਚ (ਓਪਨ ਏ.ਆਈ.) ਦੇ ਮੁਖੀ ਸੈਮ ਆਲਟਮੈਨ ਨੇ ਏ.ਆਈ. ਨਾਲ ਸੰਬੰਧਿਤ ਆਲਮੀ ਨੇਮਬੱਧ ਢਾਂਚੇ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਵੇਂ ਪ੍ਰਮਾਣੂ ਉਰਜਾ ਦੇ ਲਈ ਆਈ.ਏ.ਈ.ਏ. ਕੰਮ ਕਰਦਾ ਹੈ, ਏ.ਆਈ. ਦੇ ਤੇਜ਼ੀ ਨਾਲ ਵਧਦੇ ਪ੍ਰਭਾਵ ਨੂੰ ਵੇਖਦਿਆਂ ਦੁਨੀਆ ਨੂੰ ਅਜਿਹੇ ਆਲਮੀ ਨੇਮਬੱਧ ਢਾਂਚੇ ਦੀ ਲੋੜ ਹੈ | ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਏ.ਆਈ. ਦਾ ਕੇਂਦਰੀਕਰਨ ਕਿਸੇ ਇਕ ਕੰਪਨੀ ਜਾਂ ਦੇਸ਼ ਦੇ ਹੱਥਾਂ 'ਚ ਹੋਇਆ ਤਾਂ ਇਹ ਮਨੁੱਖਤਾ ਲਈ ਤਬਾਹੀ ਵਾਲਾ ਸਾਬਿਤ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਏ.ਆਈ. ਦਾ ਲੋਕਤੰਤਰੀਕਰਨ ਹੀ ਮਨੁੱਖੀ ਵਿਕਾਸ ਦਾ ਰਸਤਾ ਹੈ, ਪਰ ਇਸ ਦੇ ਨਾਲ ਹੀ ਮਜ਼ਬੂਤ ਕੰਮ ਅਤੇ ਸੁਰੱਖਿਆ ਹੱਲ ਜ਼ਰੂਰੀ ਹੈ |
ਏ.ਆਈ. ਨਾਲ ਨੌਕਰੀਆਂ ਨੂੰ ਨਹੀਂ ਹੈ ਕੋਈ ਖ਼ਤਰਾ-ਮੋਦੀ
ਅਜੀਤ ਡੈਸਕ
20-02-2026