22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 23 ਨੂੰ

ਅਜੀਤ ਡੈਸਕ 20-02-2026
ਚੰਡੀਗੜ੍ਹ, 19 ਫਰਵਰੀ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਇਕ ਅਹਿਮ ਮੀਟਿੰਗ 23 ਫਰਵਰੀ ਨੂੰ ਇੱਥੇ ਮੁੱਖ ਮੰਤਰੀ ਪੰਜਾਬ ਦੇ ਨਿਵਾਸ 'ਤੇ ਸਵੇਰੇ 11 ਵਜੇ ਸੱਦੀ ਗਈ ਹੈ | ਰਾਜ ਦੇ ਮੁੱਖ ਸਕੱਤਰ ਵਲੋਂ ਜਾਰੀ ਅਧਿਸੂਚਨਾ ਅਨੁਸਾਰ ਇਸ ਮੀਟਿੰਗ ਸੰਬੰਧੀ ਏਜੰਡਾ ਬਾਅਦ ਵਿਚ ਜਾਰੀ ਹੋਵੇਗਾ | ਲੇਕਿਨ ਪਤਾ ਲੱਗਾ ਹੈ ਕਿ ਰਾਜ ਦੇ ਆਬਕਾਰੀ ਵਿਭਾਗ ਵਲੋਂ ਆਉਂਦੇ ਵਿੱਤੀ ਸਾਲ ਲਈ ਜੋ ਆਬਕਾਰੀ ਨੀਤੀ ਤਿਆਰ ਕੀਤੀ ਗਈ ਹੈ, ਉਸ ਨੂੰ ਪ੍ਰਵਾਨਗੀ ਲਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਪੇਸ਼ ਕੀਤਾ ਜਾਣਾ ਹੈ ਕਿਉਂਕਿ ਆਉਂਦੇ ਵਿੱਤੀ ਸਾਲ ਲਈ ਠੇਕਿਆਂ ਦੀ ਨਿਲਾਮੀ ਮਾਰਚ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਸੂਚਨਾ ਅਨੁਸਾਰ ਅਗਲੇ ਸਾਲ ਦੀ ਆਬਕਾਰੀ ਨੀਤੀ ਵਿਚ ਸਰਕਲਾਂ ਦਾ ਆਕਾਰ ਅੱਗੇ ਨਾਲੋਂ ਕੁਝ ਛੋਟਾ ਹੋ ਸਕਦਾ ਹੈ ਕਿਉਂਕਿ ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਮੁਕਾਬਲੇਬਾਜ਼ੀ ਵਧੇਗੀ ਅਤੇ ਰਾਜ ਸਰਕਾਰ ਦਾ ਮਾਲੀਆ ਵੀ ਵਧੇਗਾ ਜੋ ਕਿ ਸਰਕਾਰ ਦੀ ਇਸ ਵੇਲੇ ਮੁੱਖ ਤਰਜੀਹ ਹੈ | ਲੇਕਿਨ ਸੂਤਰਾਂ ਦਾ ਦੱਸਣਾ ਹੈ ਕਿ ਇਸ ਤੋਂ ਇਲਾਵਾ ਨਵੀਂ ਆਬਕਾਰੀ ਨੀਤੀ ਵਿਚ ਕੋਈ ਹੋਰ ਅਹਿਮ ਤਬਦੀਲੀ ਹੋਣ ਦੀ ਸੰਭਾਵਨਾ ਨਹੀਂ ਹੈ | ਨਕਲੀ ਸ਼ਰਾਬ ਦੀ ਵਿਕਰੀ ਨੂੰ ਖ਼ਤਮ ਕਰਨ ਲਈ ਸ਼ਰਾਬ ਦਾ ਕੋਟਾ ਹਾਲਾਂਕਿ ਵਧਾਇਆ ਜਾ ਸਕਦਾ ਹੈ ਅਤੇ ਸਰਹੱਦੀ ਖੇਤਰਾਂ 'ਚ ਨਕਲੀ ਸ਼ਰਾਬ ਦੀ ਸਮੱਸਿਆ ਨਾਲ ਨਿਪਟਣ ਲਈ ਵੀ ਕਈ ਕਦਮ ਉਠਾਏ ਜਾ ਸਕਦੇ ਹਨ | ਇਸ ਤੋਂ ਇਲਾਵਾ ਮੀਟਿੰਗ ਵਿਚ ਪੰਜਾਬ ਵਿਧਾਨ ਸਭਾ ਦਾ ਬਜਟ ਸਮਾਗਮ ਬੁਲਾਏ ਜਾਣ ਦਾ ਮਾਮਲਾ ਵੀ ਵਿਚਾਰਿਆ ਜਾਣਾ ਹੈ | ਵਿਧਾਨ ਸਭਾ ਦੀ ਮਗਰਲੀ ਬੈਠਕ ਤੋਂ ਬਾਅਦ ਜਨਵਰੀ 2026 ਵਿਚ ਇਜਲਾਸ ਉਠਾ ਦਿੱਤਾ ਗਿਆ ਸੀ ਅਤੇ ਇਸ ਵਾਰ ਮੰਤਰੀ ਮੰਡਲ ਵਲੋਂ ਇਜਲਾਸ ਬੁਲਾਉਣ ਦਾ ਮਤਾ ਪਾਸ ਕਰਵਾ ਕੇ ਰਾਜਪਾਲ ਤੋਂ ਪ੍ਰਵਾਨਗੀ ਲਈ ਜਾਣੀ ਜ਼ਰੂਰੀ ਹੋਵੇਗੀ ਅਤੇ ਬਜਟ ਸਮਾਗਮ ਦੀ ਪਹਿਲੀ ਬੈਠਕ ਹੋਣ ਕਾਰਨ ਰਾਜਪਾਲ ਦੇ ਭਾਸ਼ਨ ਨਾਲ ਸ਼ੁਰੂ ਕੀਤਾ ਜਾਵੇਗਾ | ਵਿਧਾਨ ਸਭਾ ਵਿਚ ਰਾਜਪਾਲ ਵਲੋਂ ਪੜ੍ਹੇ ਜਾਣ ਵਾਲੇ ਭਾਸ਼ਨ ਲਈ ਵੀ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਜਾਵੇਗੀ | ਮੰਤਰੀ ਮੰਡਲ ਇਸ ਲਈ ਮੁੱਖ ਮੰਤਰੀ ਨੂੰ ਵੀ ਅਧਿਕਾਰਤ ਕਰ ਸਕਦਾ ਹੈ | ਮੰਤਰੀ ਮੰਡਲ ਵਲੋਂ ਵੱਖ-ਵੱਖ ਵਿਭਾਗਾਂ ਦੇ ਬਹੁਤ ਸਾਰੇ ਹੋਰ ਏਜੰਡੇ ਆਉਣ ਦੀ ਵੀ ਸੰਭਾਵਨਾ ਹੈ ਲੇਕਿਨ ਅੱਜ-ਕੱਲ੍ਹ ਮੰਤਰੀ ਮੰਡਲ ਦੀਆਂ ਬੈਠਕਾਂ ਦਾ ਏਜੰਡਾ ਇਕ ਅੱਧੀ ਸ਼ਾਮ ਪਹਿਲਾਂ ਹੀ ਜਾਰੀ ਕੀਤਾ ਜਾਂਦਾ ਹੈ |

ਪਿਛਲੀ ਖ਼ਬਰ ਕੈਨੇਡਾ ਦੇ 'ਐਕਸਪ੍ਰੈੱਸ ਐਂਟਰੀ ਸਿਸਟਮ' 'ਚ ਕਿੱਤਿਆਂ ਦਾ ਵਾਧਾ ਅਗਲੀ ਖ਼ਬਰ ਸਰਕਾਰਾਂ ਦੀਆਂ 'ਮੁਫ਼ਤ ਦੀਆਂ ਯੋਜਨਾਵਾਂ' ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।