ਸਪੇਨ, ਫਿਨਲੈਂਡ, ਕ੍ਰੋਏਸ਼ੀਆ, ਸਰਬੀਆ, ਐਸਟੋਨੀਆ ਸਮੇਤ ਯੂਰਪੀ ਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤ
ਨਵੀਂ ਦਿੱਲੀ, 18 ਫਰਵਰੀ (ਉਪਮਾ ਡਾਗਾ ਪਾਰਥ)-ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਚੱਲ ਰਹੇ ਏ.ਆਈ. ਇੰਪੈਕਟ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਅਤੇ ਆਈ.ਐਮ.ਐਫ਼. ਮੁਖੀ ਕ੍ਰਿਸਟਾਲੀਨਾ ਜਾਰਜੀਵਾ ਸਮੇਤ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ 'ਚ ਸਪੇਨ ਦੇ ਰਾਸ਼ਟਰਪਤੀ ਪੈਡਰੋ ਸਾਂਚੇਜ਼, ਫਿਨਲੈਂਡ ਦੇ ਪ੍ਰਧਾਨ ਮੰਤਰੀ ਪੇਟੇਰੀ ਓਰਪੋ, ਐਸਟੋਨੀਆ ਦੇ ਰਾਸ਼ਟਰਪਤੀ ਅਲਾਰ ਕੈਰਿਸ, ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੈਕੋਵਿਕ, ਸਰਬੀਆ ਦੇ ਰਾਸ਼ਟਰਪਤੀ ਅਲੈਕਸਾਂਡਰ ਵੂਕਿਕ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰਨ ਰਾਮਗੁਲਾਮ, ਸੈਸ਼ਲਸ ਦੇ ਉਪ ਰਾਸ਼ਟਰਪਤੀ ਸੇਬਸਟੀਨ ਪਿੱਲੇ ਦਾ ਪ੍ਰਧਾਨ ਮੰਤਰੀ ਮੋਦੀ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ | ਗਰੀਸ ਦੇ ਪ੍ਰਧਾਨ ਮੰਤਰੀ ਕਾਈਰਾਕੋਸ ਮਿਟਸੋਟਾਕਿਸ, ਗੁਆਨਾ ਦੇ ਉਪ ਰਾਸ਼ਟਰਪਤੀ ਭਾਰਤ ਜਗਦਿਓ, ਸ੍ਰੀਲੰਕਾ ਦੇ ਰਾਸ਼ਟਰਪਤੀ ਅਨੂਰਾ ਕੁਮਾਰਾ ਦਿਸਾਨਾਇਕਾ, ਕਜ਼ਾਕਿਸਤਾਨ ਦੇ ਪ੍ਰਧਾਨ ਮੰਤਰੀ ਓਲਝਾਸ ਬੇਕਟੇਨੋਵ ਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਵੀ ਪ੍ਰਧਾਨ ਮੰਤਰੀ ਵਲੋਂ ਜੀ ਆਇਆਂ ਕਹੇ ਗਏ ਵਿਸ਼ਵ ਆਗੂਆਂ 'ਚ ਸ਼ਾਮਿਲ ਸਨ | ਪ੍ਰਧਾਨ ਮੰਤਰੀ ਨੇ ਨੇਤਾਵਾਂ ਨਾਲ ਵੱਖੋ-ਵੱਖ ਕੀਤੀਆਂ ਮੁਲਾਕਾਤਾਂ ਦੌਰਾਨ ਦੁਵੱਲੀ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਵਿਸ਼ੇਸ਼ ਕਰਕੇ ਭਾਰਤ-ਈ.ਯੂ. ਮੁਕਤ ਵਪਾਰ ਸਮਝੌਤੇ ਦੇ ਸੰਦਰਭ 'ਚ ਚਰਚਾ ਕੀਤੀ | ਉਨ੍ਹਾਂ ਭਵਿੱਖਮੁਖੀ ਤਕਨਾਲੋਜੀ, ਊਰਜਾ ਪ੍ਰਬੰਧਨ, ਵਪਾਰ, ਸੁਰੱਖਿਆ, ਪੁਲਾੜ, ਹੁਨਰ ਤੇ ਕੂਟਨੀਤਿਕ ਮੁੱਦਿਆਂ ਸਮੇਤ ਹੋਰ ਵੀ ਕਈ ਖੇਤਰਾਂ 'ਚ ਮਿਲ ਕੇ ਕੰਮ ਕਰਨ ਦੇ ਬਾਰੇ 'ਚ ਗੱਲਬਾਤ ਕੀਤੀ | ਖੁਸ਼ਨੁਮਾ ਮਾਹੌਲ 'ਚ ਹੋਈਆਂ ਚਰਚਾਵਾਂ ਦੌਰਾਨ ਸਾਰੇ ਆਗੂਆਂ ਨੇ ਆਪਣੇ ਵਿਚਾਰਾਂ ਦਾ ਖੁੱਲ੍ਹ ਕੇ ਆਦਾਨ-ਪ੍ਰਦਾਨ ਕੀਤਾ | ਪ੍ਰਧਾਨ ਮੰਤਰੀ ਨੇ ਵਿਸ਼ਵ ਆਗੂਆਂ ਦੇ ਨਾਲ 7 ਦੁਵੱਲੀਆਂ ਮੀਟਿੰਗਾਂ ਤੇ ਕੌਮਾਂਤਰੀ ਸੀ.ਓਜ਼ ਦੇ ਨਾਲ ਵੀ ਦੋ ਮੀਟਿੰਗਾਂ ਕੀਤੀਆਂ ਤੇ ਉਨ੍ਹਾਂ ਨਾਲ ਆਪਸੀ ਹਿੱਤਾਂ ਵਾਲੇ ਲਾਭਕਾਰੀ ਮੁੱਦਿਆਂ 'ਤੇ ਚਰਚਾ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏ.ਆਈ. ਇੰਪੈਕਟ ਸਿਖਰ ਸੰਮੇਲਨ ਲਈ ਦਿੱਲੀ ਪਹੁੰਚੇ ਸਪੇਨ ਦੇ ਰਾਸ਼ਟਰਪਤੀ ਪੈਡਰੋ ਸਾਂਚੇਜ਼ ਦੇ ਨਾਲ ਮੁਲਾਕਾਤ ਕਰਕੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ 'ਤੇ ਚਰਚਾ ਕੀਤੀ | ਮੋਦੀ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਅਸੀਂ ਦੋਵੇਂ ਦੇਸ਼ ਸਾਲ 2026 ਨੂੰ ਭਾਰਤ-ਸਪੇਨ ਸੱਭਿਆਚਾਰ, ਸੈਰ ਸਪਾਟਾ ਅਤੇ ਏ.ਆਈ. ਸਾਲ ਵਜੋਂ ਮਨਾ ਰਹੇ ਹਾਂ | ਇਸ ਨਾਲ ਲੋਕਾਂ ਦਾ ਲੋਕਾਂ ਦੇ ਨਾਲ ਸੰਪਰਕ ਗਹਿਰਾ ਹੋਵੇਗਾ | ਉਨ੍ਹਾਂ ਕਿਹਾ ਕਿ ਭਾਰਤ 'ਚ ਯੂਨੀਵਰਸਿਟੀਆਂ ਦੇ ਵੱਡੇ ਵਫਦ ਦਾ ਆਉਣਾ ਖੁਸ਼ੀ ਦੀ ਗੱਲ ਹੈ | ਇਹ ਵੀ ਸਾਡੇ ਲੋਕਾਂ ਨੂੰ ਜੋੜਨ 'ਚ ਬਹੁਤ ਮਦਦ ਕਰੇਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਈ.ਯੂ. ਦੇ ਨਾਲ ਇਤਿਹਾਸਕ ਮੁਕਤ ਵਪਾਰ ਸਮਝੌਤੇ ਦਾ ਸਪੇਨ ਦੇ ਨਾਲ ਆਰਥਿਕ ਭਾਈਵਾਲੀ 'ਤੇ ਬਹੁਤ ਹਾਂ ਪੱਖੀ ਪ੍ਰਭਾਵ ਪਵੇਗਾ ਅਤੇ ਸਾਡੇ ਦੋਹਾਂ ਦੇਸ਼ਾਂ ਦੇ ਲੋਕਾਂ ਲਈ ਨਵੇਂ ਮੌਕੇ ਪ੍ਰਦਾਨ ਕਰੇਗਾ | ਸਪੇਨ ਦੇ ਰਾਸ਼ਟਰਪਤੀ ਸਾਂਚੇਜ਼ ਨੇ ਵੀ ਐਕਸ 'ਤੇ ਸਪੈਨਿਸ਼ 'ਚ ਪਾਏ ਸੰਦੇਸ਼ 'ਚ ਕਿਹਾ ਕਿ ਅਸੀਂ ਇਸ ਗੱਲ 'ਤੇ ਸਹਿਮਤ ਹਾਂ ਕਿ ਲੋਕਾਂ ਨੂੰ ਕੇਂਦਰ 'ਚ ਰੱਖਣ ਵਾਲੀ ਏ.ਆਈ. ਦੀ ਦਿਸ਼ਾ 'ਚ ਕਦਮ ਵਧਾਉਂਦੇ ਰਹਿਣ ਦੀ ਲੋੜ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ ਏ.ਆਈ. ਇੰਪੈਕਟ ਸਿਖ਼ਰ ਸੰਮੇਲਨ 2026 'ਚ ਹਿੱਸਾ ਲੈਣ ਪਹੁੰਚੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਪੇਟੇਰੀ ਓਰਪੋ ਨਾਲ ਦੁਵੱਲੀ ਗੱਲਬਾਤ ਕੀਤੀ | ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਆਪ ਇਸਦੀ ਜਾਣਕਾਰੀ ਦਿੱਤੀ | ਮੋਦੀ ਨੇ ਭਾਰਤ-ਈ.ਯੂ. ਮੁਕਤ ਵਪਾਰ ਸਮਝੌਤੇ ਲਈ ਪੇਟੇਰੀ ਵਲੋਂ ਨਿੱਜੀ ਤੌਰ 'ਤੇ ਕੀਤੀ ਗਈ ਮਦਦ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਭਾਰਤ-ਯੂਰਪ ਰਿਸ਼ਤਿਆਂ 'ਚ ਇਕ ਸੁਨਹਿਰਾ ਦੌਰ ਸ਼ੁਰੂ ਹੋਵੇਗਾ | ਮੋਦੀ ਨੇ ਕਿਹਾ ਕਿ ਭਾਰਤ ਅਤੇ ਫਿਨਲੈਂਡ ਦਾ ਟੀਚਾ ਵਪਾਰ ਨੂੰ ਦੁੱਗਣਾ ਕਰਨਾ ਹੈ, ਜਿਸ ਨਾਲ ਆਰਥਿਕ ਸੰਬੰਧਾਂ ਨੂੰ ਮਜ਼ਬੂਤੀ ਮਿਲੇਗੀ | ਉਨ੍ਹਾਂ ਕਿਹਾ ਕਿ ਅਸੀਂ 6ਜੀ, ਇਨੋਵੇਸ਼ਨ, ਸਾਫ ਊਰਜਾ, ਬਾਇਓਫਿਊਲ ਅਤੇ ਸਰਕੂਲਰ ਇਕਾਨਮੀ ਜਿਹੀਆਂ ਭਵਿੱਖ ਮੁਖੀ ਤਕਨੀਕਾਂ 'ਚ ਸਹਿਯੋਗ ਵਧਾਉਣ ਬਾਰੇ ਵੀ ਗੱਲ ਕੀਤੀ | ਫਿਨਲੈਂਡ ਦੇ ਪ੍ਰਧਾਨ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਪਹੁੰਚਯੋਗ ਵਿਕਾਸ ਅਤੇ ਡਿਜੀਟਲੀਕਰਨ, ਏ.ਆਈ,. ਖੋਜ ਆਦਿ 'ਚ ਸਹਿਯੋਗ ਕੀਤਾ | ਦੋਹਾਂ ਨੇਤਾਵਾਂ ਨੇ ਜ਼ਿੰਮੇਦਾਰ, ਹੁਨਰ ਅਧਾਰਤ ਏ.ਆਈ. ਨੂੰ ਉਤਸ਼ਾਹਿਤ ਕਰਨ ਅਤੇ ਤਕਨਾਲੋਜੀ ਅਧਾਰਤ ਹੱਲ ਦੀ ਵਰਤੋਂ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ |
ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨਾਲ ਮੁਲਾਕਾਤ
ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਪਿਚਾਈ ਨੇ ਮੁਲਾਕਾਤ ਤੋਂ ਪਹਿਲਾਂ ਭਾਰਤ ਆਉਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ ਕਿ ਏ.ਆਈ. ਇੰਪੈਕਟ ਸਿਖ਼ਰ ਸੰਮੇਲਨ ਲਈ ਭਾਰਤ ਵਾਪਸ ਆ ਕੇ ਚੰਗਾ ਲੱਗ ਰਿਹਾ ਹੈ | ਹਮੇਸ਼ਾ ਵਾਂਗ ਗਰਮਜੋਸ਼ੀ ਨਾਲ ਸਵਾਗਤ ਹੋਇਆ | ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਗੂਗਲ ਦੇ ਕਈ ਨੁਮਾਇੰਦੇ ਵੀ ਮੌਜੂਦ ਸਨ | ਸੁੰਦਰ ਪਿਚਾਈ 20 ਫਰਵਰੀ ਨੂੰ ਸਿਖ਼ਰ ਸੰਮੇਲਨ 'ਚ ਮੁੱਖ ਭਾਸ਼ਨ ਦੇਣਗੇ |
ਭਾਰਤ ਦੇ 5 ਦਿਨਾ ਦੌਰੇ 'ਤੇ ਦਿੱਲੀ ਪਹੁੰਚੇ ਬ੍ਰਾਜ਼ੀਲ ਦੇ ਰਾਸ਼ਟਰਪਤੀ
ਨਵੀਂ ਦਿੱਲੀ, (ਉਪਮਾ ਡਾਗਾ ਪਾਰਤ)-ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਮਿਓ ਲੂਲਾ ਭਾਰਤ ਦੇ 5 ਦਿਨਾ ਦੌਰੇ 'ਤੇ ਬੁੱਧਵਾਰ ਨੂੰ ਦਿੱਲੀ ਪਹੁੰਚੇ ਜਿਥੇ ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗੇਰਿਟਾ ਨੇ ਉਨ੍ਹਾਂ ਦੀ ਅਗਵਾਈ ਕੀਤੀ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਬ੍ਰਾਜ਼ੀਲੀ ਰਾਸ਼ਟਰਪਤੀ ਦੀ ਭਾਰਤ ਆਮਦ 'ਤੇ ਸਵਾਗਤ ਕਰਦਿਆਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝਾ ਕਰ ਕੇ ਦੋਹਾਂ ਦੇਸ਼ਾਂ ਦੇ ਮਜ਼ਬੂਤ, ਵੰਨ ਸੁਵੰਨੇ ਅਤੇ ਰਣਨੀਤਕ ਸੰਬੰਧਾਂ ਦੀ ਝਲਕ ਵੀ ਵਿਖਾਈ | ਬ੍ਰਾਜ਼ੀਲ ਦੇ ਰਾਸ਼ਟਰਪਤੀ 19 ਅਤੇ 20 ਫਰਵਰੀ ਨੂੰ ਨਵੀਂ ਦਿੱਲੀ 'ਚ ਹੋ ਰਹੇ ਏ.ਆਈ. ਇੰਪੈਕਟ ਸਿਖ਼ਰ ਸੰਮੇਲਨ 'ਚ ਹਿੱਸਾ ਲੈਣਗੇ | ਉਹ 21 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ ਜਿਸ 'ਚ ਵਪਾਰ, ਨਿਵੇਸ਼ ਰੱਖਿਆ, ਊਰਜਾ, ਖੇਤੀ ਅਤੇ ਅਹਿਮ ਖਣਿਜਾਂ ਦੇ ਮੁੱਦਿਆਂ 'ਤੇ ਚਰਚਾ ਹੋਵੇਗੀ | ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਇਸ ਵੇਲੇ ਤਕਰੀਬਨ 15-20 ਖਰਬ ਅਮਰੀਕੀ ਡਾਲਰ ਦਾ ਵਪਾਰ ਹੈ, ਜਿਸ ਨੂੰ 50 ਖਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਹੈ |
ਭਾਰਤ-ਯੂਰਪ ਸੰਬੰਧਾਂ 'ਚ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੈ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ-ਮੋਦੀ <br/>
ਅਜੀਤ ਡੈਸਕ
19-02-2026