14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਭਾਰਤੀ ਪਾਸਪੋਰਟ ਦੀ ਵਧੀ ਤਾਕਤ 85ਵੇਂ ਤੋਂ 75ਵੇਂ ਦਰਜੇ 'ਤੇ ਪੁੱਜਾ

ਅਜੀਤ ਡੈਸਕ 19-02-2026

•ਗੁਆਂਢੀ ਮੁਲਕਾਂ 'ਚੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਤੋਂ ਉੱਪਰ ਹੈ ਭਾਰਤ •ਪਾਕਿਸਤਾਨ ਤੇ ਅਫ਼ਗਾਨਿਸਤਾਨ ਸਭ ਤੋਂ ਹੇਠਾਂ
ਹਰਜਿੰਦਰ ਸਿੰਘ ਲਾਲ

ਖੰਨਾ, 18 ਫਰਵਰੀ-2006 ਤੋਂ ਵਿਸ਼ਵ ਦਰਜਾਬੰਦੀ ਵਿਚ ਲਗਾਤਾਰ ਹੇਠਾਂ ਜਾ ਰਹੇ ਭਾਰਤੀ ਪਾਸਪੋਰਟ ਨੇ 2026 ਵਿਚ ਚੰਗੀ ਤਰੱਕੀ ਕੀਤੀ ਹੈ | ਫਰਵਰੀ 2026 ਦੇ ਤਾਜ਼ਾ 'ਹੈਨਲੇ ਪਾਸਪੋਰਟ ਇੰਡੈਕਸ' ਅਨੁਸਾਰ ਭਾਰਤੀ ਪਾਸਪੋਰਟ ਹੁਣ ਦੁਨੀਆ ਵਿਚ 75ਵੇਂ ਨੰਬਰ 'ਤੇ ਪਹੁੰਚ ਗਿਆ ਹੈ | ਪਿਛਲੇ ਸਾਲ 2025 ਵਿਚ ਇਹ 85ਵੇਂ ਨੰਬਰ 'ਤੇ ਸੀ ਤੇ ਕੁਝ ਮਹੀਨਿਆਂ ਵਿਚ ਹੀ ਇਸ ਨੇ 10 ਸਥਾਨਾਂ ਦੀ ਵੱਡੀ ਛਾਲ ਮਾਰੀ ਹੈ | ਇਸ ਨਾਲ ਹੁਣ ਭਾਰਤੀ ਪਾਸਪੋਰਟ ਧਾਰਕਾਂ ਨੂੰ 56 ਦੇਸ਼ਾਂ 'ਚ ਵੀਜ਼ਾ ਮੁਕਤ, ਵੀਜ਼ਾ ਆਨ ਅਰਾਈਵਲ ਜਾਂ ਈ. ਵੀਜ਼ਾ ਦੀ ਸਹੂਲਤ ਮਿਲ ਰਹੀ ਹੈ | ਇਹ ਰਿਪੋਰਟ ਅੰਤਰਰਾਸ਼ਟਰੀ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਦੇ ਡੇਟਾ 'ਤੇ ਆਧਾਰਿਤ ਹੈ, ਜੋ ਹੈਨਲੇ ਐਂਡ ਪਾਰਟਨਰਸ ਵਲੋਂ ਜਾਰੀ ਕੀਤੀ ਗਈ ਹੈ, ਜੋ ਕਿ ਲਗਭਗ 200 ਦੇਸ਼ਾਂ ਦੇ ਪਾਸਪੋਰਟਾਂ ਦੇ ਦਰਜੇ ਨਿਸ਼ਚਿਤ ਕਰਦੇ ਹਨ | ਕਿਸੇ ਵੀ ਦੇਸ਼ ਦੇ ਪਾਸਪੋਰਟ ਦੀ ਤਰੱਕੀ ਜਾਂ ਨਿਘਾਰ ਉਸ ਦੇਸ਼ ਦੀ ਵਿਦੇਸ਼ ਨੀਤੀ ਅਤੇ ਕੂਟਨੀਤਿਕ ਸੰਬੰਧਾਂ ਵਿਚ ਘੱਟਦੇ-ਵਧਦੇ ਵਿਸ਼ਵਾਸ ਨੂੰ ਵੀ ਦਰਸਾਉਂਦੀ ਹੈ | ਹਾਲਾਂਕਿ ਨਵੀਂ ਦਰਜਾਬੰਦੀ ਵਿਚ ਵੀ ਭਾਰਤੀ ਨਾਗਰਿਕਾਂ ਲਈ ਪਿਛਲੇ ਸਾਲ ਨਾਲੋਂ ਵੀਜ਼ਾ ਮੁਕਤ ਦੇਸ਼ਾਂ ਦੀ ਗਿਣਤੀ ਵਿਚ ਕੋਈ ਵਾਧਾ-ਘਾਟਾ ਨਹੀਂ ਹੋਇਆ, ਪਰ ਦਰਜਾਬੰਦੀ ਵਿਚ ਸੁਧਾਰ ਈ. ਵੀਜ਼ਾ ਅਤੇ ਵੀਜ਼ਾ ਆਨ ਅਰਾਈਵਲ ਦੀ ਗਿਣਤੀ ਵਧਣ ਨਾਲ ਹੋਇਆ ਹੈ | ਇਸ ਨਾਲ ਭਾਰਤੀ ਨਾਗਰਿਕਾਂ ਲਈ ਛੁੱਟੀਆਂ, ਵਪਾਰ ਅਤੇ ਸੱਭਿਆਚਾਰਕ ਯਾਤਰਾਵਾਂ ਵਿਚ ਵਧੇਰੇ ਸੌਖ ਹੋ ਰਹੀ ਹੈ | ਭਾਰਤੀ ਪਾਸਪੋਰਟ ਨੇ ਆਪਣੇ ਗੁਆਂਢੀ ਦੇਸ਼ਾਂ ਦੇ ਮੁਕਾਬਲੇ ਵਿਚ ਚੀਨ ਨੂੰ ਛੱਡ ਕੇ ਵਧੀਆ ਪ੍ਰਦਰਸ਼ਨ ਕੀਤਾ ਹੈ | ਪਾਕਿਸਤਾਨੀ ਪਾਸਪੋਰਟ ਇਸ ਵੇਲੇ ਭਾਰਤ ਦੇ 75ਵੇਂ ਦਰਜੇ ਦੇ ਮੁਕਾਬਲੇ 97ਵੇਂ ਨੰਬਰ 'ਤੇ ਹੈ, ਜਦੋਂ ਕਿ ਨੇਪਾਲ 95ਵੇਂ, ਬੰਗਲਾਦੇਸ਼ 93ਵੇਂ, ਸ੍ਰੀਲੰਕਾ 91ਵੇਂ, ਮਿਆਂਮਾਰ 88ਵੇਂ, ਭੂਟਾਨ 83ਵੇਂ ਅਤੇ ਅਫ਼ਗ਼ਾਨਿਸਤਾਨ ਦਾ ਪਾਸਪੋਰਟ 101ਵੇਂ ਨੰਬਰ 'ਤੇ ਹੈ | ਚੀਨ ਸਾਡੇ ਤੋਂ ਕਾਫੀ ਉੱਪਰ ਹੈ ਤੇ ਉਸ ਦੇ ਪਾਸਪੋਰਟ ਦਾ ਦਰਜਾ 56ਵਾਂ ਹੈ | ਚੀਨੀ ਨਾਗਰਿਕਾਂ ਲਈ ਕਰੀਬ 85 ਦੇਸ਼ਾਂ ਵਿਚ ਵੀਜ਼ਾ ਮੁਕਤ ਜਾਂ ਵੀਜ਼ਾ ਆਨ ਅਰਾਈਵਲ ਦੀਆਂ ਸਹੂਲਤਾਂ ਹਨ |
ਭਾਰਤੀ ਪਾਸਪੋਰਟ ਦੇ ਦਰਜੇ ਦਾ ਆਜ਼ਾਦੀ ਤੋਂ ਬਾਅਦ ਦਾ ਇਤਿਹਾਸ
1947 ਤੋਂ ਬਾਅਦ ਭਾਰਤੀ ਪਾਸਪੋਰਟ ਦੀ ਤਾਕਤ ਬਾਰੇ ਪੂਰਾ ਵਿਸਥਾਰ ਨਹੀਂ ਮਿਲਦਾ, ਕਿਉਂਕਿ ਉਸ ਵੇਲੇ ਵਿਦੇਸ਼ਾਂ ਵਿਚ ਜਾਣ ਲਈ ਬਹੁਤ ਸਾਰੇ ਦੇਸ਼ਾਂ ਵਿਚ ਪਾਸਪੋਰਟ ਦੀ ਵੀ ਲੋੜ ਨਹੀਂ ਪੈਂਦੀ ਸੀ ਅਤੇ ਨਾ ਹੀ ਕੋਈ ਦਰਜਾਬੰਦੀ ਕੀਤੀ ਜਾਂਦੀ ਸੀ | ਪਰ ਹੈਨਲੇ ਇੰਡੈਕਸ ਦੇ ਰਿਕਾਰਡ ਅਨੁਸਾਰ ਭਾਰਤੀ ਪਾਸਪੋਰਟ ਆਪਣੇ ਆਪ ਵਿਚ 2006 ਵਿਚ ਸਭ ਤੋਂ ਵੱਧ ਤਾਕਤਵਰ ਸੀ, ਜਦੋਂ ਇਹ 71ਵੇਂ ਨੰਬਰ 'ਤੇ ਸੀ | ਇਸ ਤੋਂ ਬਾਅਦ ਭਾਰਤੀ ਪਾਸਪੋਰਟ ਦੀ ਤਾਕਤ ਵਿਚ ਲਗਾਤਾਰ ਗਿਰਾਵਟ ਆਈ ਅਤੇ 2025 ਵਿਚ ਇਹ 85ਵੇਂ ਦਰਜੇ 'ਤੇ ਪਹੁੰਚ ਗਿਆ ਸੀ | ਪਰ ਹੁਣ 2026 ਵਿਚ ਭਾਰਤੀ ਪਾਸਪੋਰਟ ਦੀ ਤਾਕਤ ਵਿਚ ਫਿਰ ਤੋਂ ਸੁਧਾਰ ਹੋ ਰਿਹਾ ਹੈ |
ਭਾਰਤੀ ਪਾਸਪੋਰਟ ਲਈ ਬਿਨਾਂ ਵੀਜ਼ਾ, ਈ. ਵੀਜ਼ਾ ਅਤੇ ਵੀਜ਼ਾ ਆਨ ਅਰਾਈਵਲ ਵਾਲੇ ਦੇਸ਼
ਭਾਰਤੀ ਪਾਸਪੋਰਟ ਧਾਰਕ ਭੂਟਾਨ, ਨਿਪਾਲ, ਮਾਰੀਸ਼ਸ, ਮਾਲਦੀਵ, ਸੇਨੇਗਲ, ਹੈਤੀ, ਡੋਮਿਨਿਕਾ, ਗ੍ਰੇਨਾਡਾ, ਸੇਂਟ ਕਿਟਸ ਐਂਡ ਨੇਵਿਸ, ਸੇਂਟ ਵਿੰਸੈਂਟ ਐਂਡ ਗ੍ਰੇਨਾਡਾਈਨਜ਼, ਟਿ੍ਨੀਦਾਦ ਐਂਡ ਟੋਬੈਗੋ, ਜਮਾਇਕਾ, ਬਾਰਬਾਡੋਸ, ਮਾਈਕ੍ਰੋਨੇਸ਼ੀਆ, ਵਨੂਆਤੂ, ਫਿਜੀ ਆਦਿ ਦੇਸ਼ਾਂ ਵਿਚ ਵੀਜ਼ਾ ਮੁਕਤ ਦਾਖ਼ਲਾ ਲੈ ਸਕਦੇ ਹਨ | ਥਾਈਲੈਂਡ, ਇੰਡੋਨੇਸ਼ੀਆ, ਸ੍ਰੀਲੰਕਾ, ਕੰਬੋਡੀਆ, ਲਾਓਸ, ਮਲੇਸ਼ੀਆ, ਜਾਰਡਨ, ਕਤਰ, ਈਰਾਨ, ਮੋਜ਼ਮਬੀਕ, ਜ਼ਾਬੀਆ, ਤਨਜ਼ਾਨੀਆ, ਮੈਡਾਗਾਸਕਰ, ਬੋਲੀਵੀਆ, ਮਕਾਊ, ਸੇਸ਼ੈਲਸ, ਟਿਮੋਰ-ਲੇਸਤੇ, ਤੂਵਾਲੂ ਆਦਿ ਲਗਭਗ 18 ਦੇਸ਼ ਭਾਰਤੀ ਪਾਸਪੋਰਟ 'ਤੇ ਵੀਜ਼ਾ ਆਨ ਅਰਾਈਵਲ (ਭਾਵ ਏਅਰਪੋਰਟ 'ਤੇ ਪੁੱਜਣ 'ਤੇ ਮਿਲਦਾ ਵੀਜ਼ਾ) ਦਿੰਦੇ ਹਨ, ਜਦੋਂ ਕਿ ਸਿੰਗਾਪੁਰ, ਮਿਆਂਮਾਰ, ਵੀਅਤਨਾਮ, ਮੰਗੋਲੀਆ, ਰੂਸ, ਕਜ਼ਾਖਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਅਰਮੀਨੀਆ, ਅਜ਼ਰਬੇਜਾਨ, ਓਮਾਨ, ਕੀਨੀਆ, ਇਥੋਪੀਆ, ਜੀਬੂਤੀ, ਤਾਜਿਕਸਤਾਨ, ਸਾਓ ਟੋਮੇ ਐਂਡ ਪਿ੍ੰਸੀਪੇ, ਮਲਾਵੀ, ਗੈਬਨ, ਇਕੁਆਡੋਰ, ਕੋਲੰਬੀਆ, ਰਵਾਂਡਾ, ਜ਼ਿੰਬਾਬਵੇ ਆਦਿ ਦੇਸ਼ ਭਾਰਤੀ ਪਾਸਪੋਰਟ ਧਾਰਕਾਂ ਨੂੰ ਈ. ਵੀਜ਼ਾ ਜਾਰੀ ਕਰਦੇ ਹਨ |
ਸਿਖ਼ਰਲੇ 10 ਤਾਕਤਵਰ ਪਾਸਪੋਰਟ
ਹੈਨਲੇ ਇੰਡੈੱਕਸ ਅਨੁਸਾਰ ਸਭ ਤੋਂ ਤਾਕਤਵਰ 10 ਪਾਸਪੋਰਟਾਂ ਦੀ ਸੂਚੀ ਵਿਚ ਸਿੰਗਾਪੁਰ ਪਹਿਲੇ ਨੰਬਰ 'ਤੇ ਹੈ ਸਿੰਗਾਪੁਰ ਦੇ ਨਾਗਰਿਕਾਂ ਲਈ 192 ਦੇਸ਼ ਵੀਜ਼ਾ ਮੁਕਤ ਹਨ | ਦੂਜੇ ਨੰਬਰ 'ਤੇ ਜਪਾਨ ਅਤੇ ਸਾਊਥ ਕੋਰੀਆ ਦੇ ਨਾਗਰਿਕਾਂ ਨੂੰ ੂ 187 ਦੇਸ਼ਾਂ ਵਿਚ ਵੀਜ਼ਾ ਮੁਕਤ ਜਾਣ ਦੀ ਇਜਾਜ਼ਤ ਹੈ | ਤੀਸਰੇ ਨੰਬਰ 'ਤੇ ਸਵੀਡਨ ਅਤੇ ਯੂ.ਏ.ਈ. ਆਉਂਦੇ ਹਨ, ਜਿਨ੍ਹਾਂ ਲਈ 186 ਦੇਸ਼ ਵੀਜ਼ਾ ਮੁਕਤ ਹਨ | ਚੌਥੇ ਨੰਬਰ 'ਤੇ ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ, ਲਕਸਮਬਰਗ, ਸਪੇਨ, ਸਵਿਟਜ਼ਰਲੈਂਡ, ਨੀਦਰਲੈਂਡਜ਼, ਨਾਰਵੇ ਦੇਸ਼ਾਂ ਦੇ ਪਾਸਪੋਰਟ ਹਨ, ਜਿਨ੍ਹਾਂ ਲਈ 185 ਦੇਸ਼ ਵੀਜ਼ਾ ਮੁਕਤ ਹਨ | ਪੰਜਵੇਂ ਨੰਬਰ 'ਤੇ ਆਸਟਰੀਆ, ਗ੍ਰੀਸ, ਮਾਲਟਾ, ਪੁਰਤਗਾਲ ਆਦਿ ਹਨ, ਜਿਨ੍ਹਾਂ ਦੇ ਨਾਗਰਿਕਾਂ ਨੂੰ 184 ਦੇਸ਼ਾਂ ਵਿਚ ਵੀਜ਼ਾ ਮੁਕਤ ਜਾਣ ਦੀ ਸਹੂਲਤ ਹਾਸਿਲ ਹੈ, ਜਦੋਂ ਕਿ ਨਿਊਜ਼ੀਲੈਂਡ, ਆਸਟਰੇਲੀਆ, ਕੈਨੇਡਾ, ਮਲੇਸ਼ੀਆ, ਅਮਰੀਕਾ ਪਾਸਪੋਰਟ ਦੀ ਤਾਕਤ ਦੇ ਆਧਾਰ 'ਤੇ 6ਵੇਂ ਤੋਂ 10ਵੇਂ ਨੰਬਰ 'ਤੇ ਹਨ |

ਪਿਛਲੀ ਖ਼ਬਰ ਮੁਹਾਲੀ ਅਦਾਲਤ ਕੰਪਲੈਕਸ 'ਤੇ ਹਮਲੇ ਦੇ ਮਾਮਲੇ 'ਚ 30 ਦਿਨਾਂ 'ਚ ਪੇਸ਼ ਕੀਤੀ ਜਾਵੇਗੀ ਰਿਪੋਰਟ-ਡੀ.ਜੀ.ਪੀ. <br/> ਅਗਲੀ ਖ਼ਬਰ 640 ਕਰੋੜ ਦੇ ਸਾਈਬਰ ਘੁਟਾਲੇ 'ਚ ਅਗਾਊਾ ਜ਼ਮਾਨਤ ਪਟੀਸ਼ਨ ਖ਼ਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।