ਨਵੀਂ ਦਿੱਲੀ, 17 ਫਰਵਰੀ (ਮਿਸਰਦੀਪ ਭਾਟੀਆ)-ਭਾਰਤ ਵਿਚ 16 ਤੋਂ 20 ਫਰਵਰੀ, 2026 ਤੱਕ ਹੋ ਰਹੇ ਆਲਮੀ 'ਇੰਡੀਆ ਏ.ਆਈ. ਇੰਪੈਕਟ ਸਮਿਟ 2026' ਵਿਚ 20 ਤੋਂ ਵੱਧ ਮੁਲਕਾਂ ਦੇ ਮੁਖੀ ਅਤੇ ਹੋਰ ਆਲਮੀ ਹਸਤੀਆਂ ਹਿੱਸਾ ਲੈਣਗੀਆਂ | ਭਾਰਤ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਹੋ ਰਹੇ ਇਸ ਵਿਸ਼ਵ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ | ਸਿੱਖ ਜਗਤ ਦੇ ਉੱਘੇ ਵਿਦਵਾਨ ਅਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਨੇ ਕਦੇ ਵੀ ਏਨੀ ਵੱਡੀ ਗਿਣਤੀ ਵਿਚ ਟੈਕਨੋ ਕਰੇਟ, ਵਿਗਿਆਨੀ ਅਤੇ ਰਾਜਾਂ ਦੇ ਮੁਖੀਆਂ ਨੂੰ ਕਿਸੇ ਸੈਮੀਨਾਰ ਵਿਚ ਸ਼ਾਮਿਲ ਹੁੰਦੇ ਨਹੀਂ ਦੇਖਿਆ | ਉਨ੍ਹਾਂ ਅੱਗੇ ਦੱਸਿਆ ਕਿ ਮੈਨੂੰ ਆਪਣੇ ਸਾਰੇ ਦੋਸਤਾਂ ਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਇਸ ਸੈਮੀਨਾਰ ਵਿਚ ਇਕ ਦਸਤਾਰਧਾਰੀ ਸਿੱਖ ਅਮਨਦੀਪ ਸਿੰਘ ਗਿੱਲ ਸੰਯੁਕਤ ਰਾਸ਼ਟਰ ਦੀ ਨੁਮਾਇੰਦਗੀ ਕਰ ਰਿਹਾ ਹੈ | ਉਹ ਡਿਜ਼ੀਟਲ ਅਤੇ ਉੱਭਰਦੀ ਤਕਨਾਲੋਜੀ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਹਨ | ਉਹ ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ ਜਨਰਲ ਦਾ ਵੱਕਾਰੀ ਅਹੁਦਾ ਵੀ ਸੰਭਾਲ ਰਹੇ ਹਨ | ਉਨ੍ਹਾਂ ਨੇ ਕੱਲ੍ਹ 'ਬਹੁਪੱਖੀਵਾਦ ਅਤੇ ਏ.ਆਈ. ਦਾ ਭਵਿੱਖ' ਵਿਸ਼ੇ 'ਤੇ ਇਕ ਸੈਸ਼ਨ ਵਿਚ ਹਿੱਸਾ ਲਿਆ | ਸੰਯੁਕਤ ਰਾਸ਼ਟਰ ਦੀ ਭੂਮਿਕਾ ਬਾਰੇ ਬੋਲਦੇ ਹੋਏ ਗਿੱਲ ਨੇ ਕਿਹਾ ਕਿ ਏ.ਆਈ. ਸ਼ਾਂਤੀ ਅਤੇ ਸੁਰੱਖਿਆ, ਮਨੁੱਖੀ ਅਧਿਕਾਰਾਂ ਅਤੇ ਟਿਕਾਊ ਵਿਕਾਸ ਨੂੰ ਪਾਰ ਕਰਦਾ ਹੈ | ਸੰਯੁਕਤ ਰਾਸ਼ਟਰ ਨੇ ਪਹਿਲਾਂ ਹੀ ਏ.ਆਈ. 'ਤੇ ਇਕ ਅੰਤਰਰਾਸ਼ਟਰੀ ਵਿਗਿਆਨਕ ਪੈਨਲ ਸਥਾਪਤ ਕਰ ਦਿੱਤਾ ਹੈ | ਇਸ ਤੋਂ ਇਲਾਵਾ ਪ੍ਰਸਤਾਵਿਤ 3 ਬਿਲੀਅਨ ਡਾਲਰ ਗਲੋਬਲ ਫੰਡ ਦਾ ਉਦੇਸ਼ 80-90 ਦੇਸ਼ਾਂ ਦੀ ਮਦਦ ਕਰਨਾ ਹੈ |