19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੰਜਾਬ ਦੇ ਆਲੂ ਉਤਪਾਦਕ ਵੱਡੇ ਆਰਥਿਕ ਸੰਕਟ 'ਚ ਮੰਦੀ ਕਾਰਨ ਹੋ ਰਿਹੈ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ <br/>

ਅਜੀਤ ਡੈਸਕ 18-02-2026
ਅਮਲੋਹ, 17 ਫਰਵਰੀ (ਹਰਪ੍ਰੀਤ ਸਿੰਘ ਗਿੱਲ)-ਭਾਵੇਂ ਇਸ ਸਮੇਂ ਪੂਰੇ ਪੰਜਾਬ ਦੇ ਆਲੂ ਉਤਪਾਦਕ ਬਹੁਤ ਵੱਡੇ ਆਰਥਿਕ ਸੰਕਟ 'ਚ ਫਸ ਗਏ ਹਨ, ਪਰ ਚੋਣ ਵਰ੍ਹਾ ਹੋਣ ਦੇ ਬਾਵਜੂਦ ਪੰਜਾਬ ਦੇ ਨਾ ਤਾਂ ਕਿਸੇ ਵਿਧਾਇਕ ਨੇ ਅਤੇ ਨਾ ਹੀ ਕਿਸੇ ਸੰਸਦ ਮੈਂਬਰ ਨੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਆਵਾਜ਼ ਬੁਲੰਦ ਕੀਤੀ ਹੈ | ਰਾਜ ਦੇ ਅਰਥਚਾਰੇ ਨਾਲ ਜੁੜੀ ਇਸ ਵੱਡੀ ਸਮੱਸਿਆ ਪ੍ਰਤੀ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੀ ਜੋ ਪਹਿਲਾਂ ਹਮੇਸ਼ਾ ਅਜਿਹੇ ਮਸਲਿਆਂ 'ਤੇ ਇਕ ਵੱਡੇ ਦਬਾਅ ਸਮੂਹ ਦੇ ਤੌਰ 'ਤੇ ਜਥੇਬੰਦ ਹੋ ਜਾਂਦੀਆਂ ਸਨ, ਇਸ ਸਮੇਂ ਪਿ੍ੰਟ ਤੇ ਸੋਸ਼ਲ ਮੀਡੀਆ 'ਚ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਹਨ | ਵਰਨਣਯੋਗ ਹੈ ਕਿ ਇਸ ਸਮੇਂ ਪੰਜਾਬ ਦੇ ਖਾਣ ਵਾਲੇ ਆਲੂ (ਟੇਬਲ ਪਟੈਟੋ) ਦਾ ਭਾਅ 3-4 ਸੌ ਰੁਪਏ ਤੇ ਸ਼ੱਕਰ ਮੁਕਤ ਆਲੂ (ਪ੍ਰੋਸੈਸਿੰਗ ਵਰਾਇਟੀ) ਦਾ 400 ਤੋਂ 500 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ, ਜਿਸ ਨਾਲ ਪ੍ਰਤੀ ਏਕੜ ਔਸਤਨ 40 ਤੋਂ 50 ਹਜ਼ਾਰ ਰੁਪਏ ਦੀ ਵੱਟਤ ਆ ਰਹੀ ਹੈ, ਜਦੋਂਕਿ ਆਲੂ ਦੀ ਫ਼ਸਲ ਪਾਲਣ ਉੱਪਰ ਜ਼ਮੀਨ ਦੇ ਠੇਕੇ ਸਮੇਤ ਘੱਟੋ-ਘੱਟ 90-95 ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ, ਜਿਸ ਕਾਰਨ ਕਿਸਾਨ ਇਸ ਸਮੇਂ ਪ੍ਰਤੀ ਏਕੜ 50 ਹਜ਼ਾਰ ਰੁਪਏ ਦੇ ਸਿੱਧੇ ਨੁਕਸਾਨ ਵਿਚ ਹਨ | ਪੰਜਾਬ ਬਾਗ਼ਬਾਨੀ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਲਗਪਗ 3 ਲੱਖ ਏਕੜ ਉੱਪਰ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਨਾਲ ਕਿਸਾਨਾਂ ਦਾ ਇਸ ਸਾਲ ਸਿੱਧੇ ਤੌਰ 'ਤੇ 1500 ਕਰੋੜ ਰੁਪਏ ਦਾ ਨੁਕਸਾਨ ਹੋਣਾ ਤੈਅ ਹੈ, ਪਰ ਅਸਚਰਜ ਕਿਸਾਨਾਂ 'ਤੇ ਪੈ ਰਹੀ ਇਸ ਵੱਡੀ ਮਾਰ ਪ੍ਰਤੀ ਪੰਜਾਬ ਸਰਕਾਰ ਤੇ ਵਿਰੋਧੀ ਧਿਰਾਂ ਮੂਕ ਦਰਸ਼ਕ ਬਣੀਆਂ ਹੋਈਆਂ ਹਨ | ਦੂਜੇ ਪਾਸੇ ਜਿਨ੍ਹਾਂ ਕਿਸਾਨਾਂ ਵਲੋਂ ਮੰਦੀ ਦੇ ਜੋਖ਼ਮ ਤੋਂ ਬਚਣ ਲਈ 900 ਤੋਂ 1000 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਉੱਪਰ ਪ੍ਰੋਸੈਸਿੰਗ ਕੰਪਨੀਆਂ ਨਾਲ ਕੰਟਰੈਕਟ ਫਾਰਮਿੰਗ ਕੀਤੀ ਗਈ ਸੀ, ਹੁਣ ਉਨ੍ਹਾਂ ਕੰਪਨੀਆਂ 'ਚੋਂ ਵੀ ਕਈ ਕੰਪਨੀਆਂ ਕਿਸਾਨਾਂ ਨਾਲ ਕੀਤੇ ਇਕਰਾਰ ਤੋਂ ਭੱਜ ਗਈਆਂ ਹਨ, ਜਿਸ ਕਾਰਨ ਕੰਟਰੈਕਟ ਫਾਰਮਿੰਗ ਵਾਲੇ ਕਿਸਾਨ ਵੀ ਸੰਕਟ 'ਚ ਫਸ ਗਏ ਹਨ | ਪਟਿਆਲਾ ਜ਼ਿਲੇ੍ਹ ਦੇ ਪਿੰਡ ਕੂਕਾ ਦੇ ਇਕ ਕਿਸਾਨ ਦਲਵੀਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਆਲੂ ਦੀਆਂ 10 ਹਜ਼ਾਰ ਬੋਰੀਆਂ ਦਾ ਅਲੀਗੜ੍ਹ (ਯੂ.ਪੀ.) ਦੀ ਇਕ ਕੰਪਨੀ ਨਾਲ ਕੰਟਰੈਕਟ ਕੀਤਾ ਸੀ, ਜਿਸ ਦਾ ਜਨਵਰੀ ਮਹੀਨੇ ਦਾ ਰੇਟ ਇਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੇ ਫਰਵਰੀ ਦਾ 850 ਸੀ, ਪਰ ਇਸ ਕੰਪਨੀ ਵਲੋਂ ਨਾ ਤਾਂ ਜਨਵਰੀ ਵਿਚ ਤੇ ਨਾ ਹੁਣ ਫਰਵਰੀ ਵਿਚ ਇਕ ਬੋਰੀ ਵੀ ਕੰਟਰੈਕਟ ਫਾਰਮਿੰਗ ਵਾਲੀ ਨਹੀਂ ਖ਼ਰੀਦੀ ਗਈ | ਜਿਸ ਨਾਲ ਉਸ ਦਾ ਦੂਹਰਾ ਨੁਕਸਾਨ ਹੋ ਗਿਆ, ਕਿਉਂਕਿ ਉਸ ਵਲੋਂ ਕੰਪਨੀ ਦੀ ਉਡੀਕ ਵਿਚ ਪੁਟਾਈ ਲੇਟ ਕਰ ਲਈ ਗਈ, ਜਿਸ ਕਾਰਨ ਹੁਣ ਬਾਜ਼ਾਰ ਵਿਚ ਵੀ ਮੰਦਾ ਆ ਗਿਆ ਤੇ ਉਸ ਦੀ ਅਗਲੀ ਮੱਕੀ ਦੀ ਫ਼ਸਲ ਵੀ ਲੇਟ ਹੋ ਗਈ | ਇਸੇ ਤਰ੍ਹਾਂ ਨਾਭਾ ਖੇਤਰ ਦੇ ਸੈਂਕੜੇ ਕਿਸਾਨਾਂ ਤੋਂ ਹਾਪੁੜ ਦੀ ਇਕ ਕੰਪਨੀ ਨੇ ਕੰਟਰੈਕਟ ਕੀਤੇ ਵਾਲਾ ਆਲੂ ਲੈਣ ਤੋਂ ਇਨਕਾਰ ਕਰ ਦਿੱਤਾ | ਪਿੰਡ ਉਦੇ ਦੇ ਇਕ ਕਿਸਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਰੇ ਕਿਸਾਨਾਂ ਨੇ ਹਾਪੁੜ ਦੀ ਇਸ ਕੰਪਨੀ ਤੋਂ 2500 ਰੁਪਏ ਪ੍ਰਤੀ ਥੈਲਾ ਬਹੁਤ ਮਹਿੰਗਾ ਬੀਜ ਇਹ ਸੋਚ ਕਿ ਲਿਆ ਸੀ ਕਿ ਕੰਪਨੀ ਕੀਤੇ ਇਕਰਾਰ ਅਨੁਸਾਰ ਉਨ੍ਹਾਂ ਤੋਂ 1000 ਰੁਪਏ ਪ੍ਰਤੀ ਕੁਇੰਟਲ ਆਲੂ ਖ਼ਰੀਦੇਗੀ ਪਰ ਕੰਪਨੀ ਕੀਤੇ ਇਕਰਾਰ ਤੋਂ ਮੁਕਰ ਗਈ ਹੈ | ਕਿਸਾਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਰ ਵੀ ਕਈ ਕੰਪਨੀਆਂ ਵਲੋਂ ਆਨੇ-ਬਹਾਨੇ ਲਗਾ ਕੇ ਕੀਤੇ ਇਕਰਾਰ ਨਾਲੋਂ ਘੱਟ ਭਾਅ 'ਤੇ ਆਲੂ ਖ਼ਰੀਦੇ ਜਾ ਰਹੇ ਹਨ ਤੇ ਕੁਆਲਿਟੀ ਦੇ ਨਾਂਅ 'ਤੇ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਵੱਡੇ ਕੱਟ ਲਗਾਏ ਜਾ ਰਹੇ ਹਨ | ਇਨ੍ਹਾਂ ਕਿਸਾਨਾਂ ਨੇ ਰੋਸ ਜ਼ਾਹਿਰ ਕੀਤਾ ਕਿ ਨਾ ਤਾਂ ਕਿਸਾਨਾਂ ਦੇ ਹਿੱਤਾਂ ਦੀ ਪਹਿਰੇਦਾਰ ਅਖਵਾਉਣ ਵਾਲੀ 'ਆਪ' ਸਰਕਾਰ ਅਤੇ ਨਾ ਹੀ ਕਿਸੇ ਵੀ ਪਾਰਟੀ ਦੇ ਸੰਸਦ ਮੈਂਬਰ ਨੇ ਹੋ ਰਹੇ ਕਿਸਾਨਾਂ ਦੇ ਇਸ ਨੁਕਸਾਨ ਨੂੰ ਰੋਕਣ ਲਈ ਆਵਾਜ਼ ਉਠਾਈ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਸਿਰਫ਼ ਫਰੂਕਾਬਾਦ ਤੋਂ ਲੋਕ ਸਭਾ ਮੈਂਬਰ ਮੁਕੇਸ਼ ਰਾਜਪੂਤ ਨੇ ਪਿਛਲੇ ਹਫ਼ਤੇ ਜ਼ਰੂਰ ਲੋਕ ਸਭਾ ਵਿਚ ਕਿਸਾਨਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਤੇ ਆਲੂ ਉਤਪਾਦਕਾਂ ਦੇ ਹੱਕ ਵਿਚ ਆਵਾਜ਼ ਉਠਾਉਂਦੇ ਹੋਏ ਆਲੂ ਬੋਰਡ ਬਣਾਉਣ ਦਾ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ |

ਪਿਛਲੀ ਖ਼ਬਰ ਅਦਾਕਾਰ ਸਿਧਾਰਥ ਮਲਹੋਤਰਾ ਦੇ ਪਿਤਾ ਦਾ ਦਿਹਾਂਤ ਅਗਲੀ ਖ਼ਬਰ ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।