ਨਵੀਂ ਦਿੱਲੀ, 17 ਫਰਵਰੀ (ਉਪਮਾ ਡਾਗਾ ਪਾਰਥ)-ਦਿੱਲੀ ਦੇ ਭਾਰਤ ਮੰਡਪਮ 'ਚ ਹੋ ਰਹੇ ਅੰਤਰਰਾਸ਼ਟਰੀ ਪੱਧਰ ਦੇ ਸਿਖ਼ਰ ਸੰਮੇਲਨ 'ਏ.ਆਈ. ਇੰਪੈਕਟ ਸਿਖ਼ਰ ਸੰਮੇਲਨ 2026' 'ਚ ਪਹਿਲੇ ਦਿਨ ਭਾਵ ਸੋਮਵਾਰ ਨੂੰ ਹੋਈਆਂ ਬਦਇੰਤਜ਼ਾਮੀਆਂ ਲਈ ਕੇਂਦਰ ਨੇ ਮੁਆਫ਼ੀ ਮੰਗੀ ਹੈ | ਪਹਿਲੇ ਦਿਨ ਹੀ ਸਿਖ਼ਰ ਸੰਮੇਲਨ 'ਚ ਹਜ਼ਾਰਾਂ ਦੀ ਗਿਣਤੀ 'ਚ ਵਿਦੇਸ਼ੀ ਡੈਲੀਗੇਟ, ਮਾਹਿਰ, ਸਟਾਰਟਅਪ ਫਾਊਾਡਰ, ਕਈ ਸੰਸਥਾਵਾਂ ਦੇ ਮੁਖੀ ਅਤੇ ਹੋਰ ਲੋਕ ਪਹੁੰਚੇ, ਪਰ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਭਾਰੀ ਭੀੜ ਅਤੇ ਸੁਰੱਖਿਆ ਦੇ ਕਾਰਨ ਦਾਖ਼ਲ ਹੋਣ ਲਈ ਹੀ ਲੰਮੀਆਂ ਕਤਾਰਾਂ ਲਗ ਗਈਆਂ | ਲੋਕਾਂ ਨੂੰ ਅੰਦਰ ਜਾਣ ਲਈ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ | ਘੰਟਿਆਂ-ਬੱਧੀ ਕਤਾਰ 'ਚ ਖੜ੍ਹੇ ਹੋਣ ਤੋਂ ਬਾਅਦ ਉਹ ਅੰਦਰ ਜਾ ਸਕੇ | ਲੋਕਾਂ ਨੂੰ ਭਾਰਤ ਮੰਡਪਮ ਦੇ ਅੰਦਰ ਵੀ ਭਾਰੀ ਅਵਿਵਸਥਾ ਦਾ ਸਾਹਮਣਾ ਕਰਨਾ ਪਿਆ | ਇਥੋਂ ਤੱਕ ਕਿ ਖਾਣੇ ਦੇ ਸਟਾਲ 'ਤੇ ਖਾਣੇ ਦੀ ਵੀ ਕਮੀ ਨਜ਼ਰ ਆਈ | ਪਹਿਲੇ ਦਿਨ ਆਪਣੀ ਸਟਾਰਟਅੱਪ ਕੰਪਨੀ ਦੀ ਨੁਮਾਇੰਦਗੀ ਕਰਨ ਗਏ ਦਲੀਪ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਸ ਨੂੰ ਆਪਣਾ ਜਮ੍ਹਾਂ ਕਰਵਾਇਆ ਸਾਮਾਨ ਵਾਪਸ ਲੈਣ ਲਈ ਵੀ 3 ਘੰਟੇ ਬਾਅਦ ਆਉਣ ਲਈ ਕਿਹਾ ਗਿਆ | ਉਥੇ ਮੌਜੂਦ ਕਈ ਪ੍ਰਦਰਸ਼ਨੀ ਕਰਨ ਵਾਲਿਆਂ ਨੇ ਸ਼ਿਕਾਇਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਸੁਰੱਖਿਆ ਜਾਂਚ ਦੇ ਨਾਂਅ 'ਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਟਾਲ ਤੋਂ ਹੀ ਬਾਹਰ ਕਰ ਦਿੱਤਾ ਗਿਆ |
ਮੀਡੀਆ ਨੂੰ ਵੀ ਕਰਨਾ ਪਿਆ ਭਾਰੀ ਦਿੱਕਤਾਂ ਦਾ ਸਾਹਮਣਾ
ਸਿਖ਼ਰ ਸੰਮੇਲਨ ਕਵਰ ਕਰਨ ਵਾਲੇ ਮੀਡੀਆ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਕਈ ਮੀਡੀਆ ਕਰਮੀਆਂ ਨੂੰ ਸਿਖ਼ਰ ਸੰਮੇਲਨ ਲਈ ਰਜਿਸਟਰ ਕਰਨ ਤੋਂ ਬਾਅਦ ਵੀ ਮੀਡੀਆ ਪਾਸ ਨਹੀਂ ਮਿਲੇ | ਕਈ ਅਖ਼ਬਾਰਾਂ ਦੇ ਪੱਤਰਕਾਰ ਮੀਡੀਆ ਪਾਸ ਲੈਣ ਲਈ ਨੈਸ਼ਨਲ ਮੀਡੀਆ ਸੈਂਟਰ ਦੇ ਚੱਕਰ ਲਾਉਂਦੇ ਨਜ਼ਰ ਆਏ ਪਰ ਸ਼ਾਮ ਤੱਕ ਵੀ ਉਨ੍ਹਾਂ ਨੂੰ ਪਾਸ ਨਹੀਂ ਮਿਲੇ | ਕੇਂਦਰ ਵਲੋਂ ਇਸ ਸਿਖ਼ਰ ਸੰਮੇਲਨ ਲਈ ਜਾਰੀ ਕੀਤੇ ਐਪ 'ਤੇ ਵੀ ਮੀਡੀਆ ਅਤੇ ਡੈਲੀਗੇਸ਼ਨ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਕਈਆਂ ਦੇ ਐਪ ਵਲੋਂ ਜਨਰੇਟ ਕੀਤੇ ਕਿਊ.ਆਰ. ਕੋਡ ਵੀ ਕੰਮ ਨਹੀਂ ਕਰ ਰਹੇ ਸਨ | ਭਾਰਤ ਮੰਡਪਮ 'ਚ ਵੀ ਵਾਈ ਫਾਈ ਦੇ ਨਾ ਚਲਣ ਜਾਂ ਹੌਲੀ ਚਲਣ ਅਤੇ ਮੋਬਾਈਲ ਨੈੱਟਵਰਕ ਦੀ ਸਮੱਸਿਆ ਵੇਖਣ ਨੂੰ ਮਿਲੀ | ਇਕ ਕੰਪਨੀ ਦੇ ਮੁਲਾਜ਼ਮ ਦਲੀਪ ਨੇ ਕਿਹਾ ਕਿ ਵੀ.ਆਈ.ਪੀ. ਮੂਵਮੈਂਟ ਦੇ ਨਾਂਅ 'ਤੇ ਉਸ ਨੂੰ 4 ਘੰਟੇ ਤੋਂ ਵੱਧ ਬਾਹਰ ਖੜ੍ਹਾ ਰੱਖਿਆ ਗਿਆ | ਇਸ ਤੋਂ ਇਲਾਵਾ ਸੁਰੱਖਿਆ ਖਾਮੀਆਂ ਕਾਰਨ ਕਈ ਉਤਪਾਦ ਚੋਰੀ ਹੋਣ ਅਤੇ ਇੰਟਰਨੈੱਟ ਨਾ ਚੱਲਣ ਦੇ ਕਾਰਨ ਡੈਮੋ ਫੇਲ੍ਹ ਹੋ ਗਏ |
ਸਰਕਾਰ ਮੁਆਫ਼ੀ ਮੰਗਦੀ ਹੈ-ਅਸ਼ਵਨੀ ਵੈਸ਼ਨਵ
ਸਿਖ਼ਰ ਸੰਮੇਲਨ ਦੇ ਦੂਜੇ ਦਿਨ ਭਾਰਤ ਮੰਡਪਮ ਪਹੁੰਚੇ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਏ.ਆਈ. ਸਿਖ਼ਰ ਸੰਮੇਲਨ ਹੈ | ਪਹਿਲੇ ਹੀ ਦਿਨ 70 ਹਜ਼ਾਰ ਤੋਂ ਵੱਧ ਲੋਕ ਪ੍ਰੋਗਰਾਮ 'ਚ ਪਹੁੰਚੇ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਹੁਣ ਇੰਤਜ਼ਾਮ ਠੀਕ ਹੈ, ਪਰ ਜੇਕਰ ਸੋਮਵਾਰ ਨੂੰ ਕਿਸੇ ਨੂੰ ਪ੍ਰੇਸ਼ਾਨੀ ਹੋਈ ਹੈ ਤਾਂ ਅਸੀਂ ਉਸ ਦੇ ਲਈ ਮੁਆਫ਼ੀ ਮੰਗਦੇ ਹਾਂ | ਵੈਸ਼ਨਵ ਨੇ ਕਿਹਾ ਕਿ ਸਰਕਾਰ ਸੁਝਾਵਾਂ ਲਈ ਤਿਆਰ ਹੈ ਅਤੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਇਕ ਵਾਰ ਰੂਮ ਬਣਾਇਆ ਗਿਆ ਹੈ, ਜੋ 24 ਘੰਟੇ ਕੰਮ ਕਰ ਰਿਹਾ ਹੈ |
ਮੋਦੀ ਦੀ 'ਰੀਲ' ਦੇ ਚੱਕਰ 'ਚ ਦੇਸ਼ ਦਾ ਹੋਇਆ ਅਕਸ ਬਰਬਾਦ-ਕਾਂਗਰਸ
ਸਿਖ਼ਰ ਸੰਮੇਲਨ 'ਚ ਹੋਈ ਭਾਰੀ ਬਦਇੰਤਜ਼ਾਮੀ ਨੂੰ ਲੈ ਕੇ ਕਾਂਗਰਸ ਨੇ ਕਿਹਾ ਕਿ ਦਿੱਲੀ 'ਚ ਹੋ ਰਹੇ ਏ.ਆਈ. ਸਿਖ਼ਰ ਸੰਮੇਲਨ ਦੇ ਹਾਲਾਤ ਬਹੁਤ ਹੀ ਭਿਆਨਕ ਹਨ | ਸਿਖ਼ਰ ਸੰਮੇਲਨ 'ਚ ਅਵਿਵਸਥਾ ਨਾਲ ਫਾਊਾਡਰਜ਼ ਅਤੇ ਪ੍ਰਦਰਸ਼ਨੀ ਲਗਾਉਣ ਵਾਲੇ ਬਹੁਤ ਪ੍ਰੇਸ਼ਾਨ ਹਨ | ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਲਈ ਮੇਨ ਹਾਲ ਖ਼ਾਲੀ ਕਰ ਦਿੱਤਾ ਗਿਆ ਅਤੇ ਪ੍ਰਦਰਸ਼ਨੀ ਲਗਾਉਣ ਵਾਲਿਆਂ ਨੂੰ ਉਨ੍ਹਾਂ ਦੇ ਹੀ ਪੇਡ ਸਟਾਲ ਤੋਂ ਬਾਹਰ ਕੱਢ ਦਿੱਤਾ ਗਿਆ | ਕਾਂਗਰਸ ਨੇ ਟੇਕ ਈਵੈਂਟ 'ਚ ਲੈਪਟਾਪ, ਬੈਗ, ਕੈਮਰਾ 'ਤੇ ਲਾਈ ਪਾਬੰਦੀ, ਖਾਣੇ ਦੇ ਸਟਾਲਾਂ 'ਤੇ ਸਿਰਫ਼ ਨਕਦੀ ਮੋਡ ਕਾਰਨ ਲੋਕਾਂ ਨੂੰ ਹੋਈਆਂ ਦਿੱਕਤਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਸਭ ਇਸ ਲਈ ਹੋਇਆ, ਕਿਉਂਕਿ ਏ.ਆਈ. ਸਿਖ਼ਰ ਸੰਮੇਲਨ ਦੇ ਪਹਿਲੇ ਹੀ ਦਿਨ ਨਰਿੰਦਰ ਮੋਦੀ ਆਪਣੇ ਲਾਮ-ਲਸ਼ਕਰ ਦੇ ਨਾਲ ਉਥੇ ਫੋਟੇ ਖਿਚਵਾਉਣ ਅਤੇ ਰੀਲ ਬਣਵਾਉਣ ਪਹੁੰਚ ਗਏ, ਜੋ ਇਹ ਦਰਸਾਉਂਦਾ ਹੈ ਕਿ ਮੋਦੀ ਨੂੰ ਸਿਰਫ਼ ਆਪਣਾ ਅਕਸ਼ ਚਮਕਾਉਣ ਨਾਲ ਮਤਲਬ ਹੈ, ਆਲਮੀ ਪੱਧਰ 'ਤੇ ਦੇਸ਼ ਦਾ ਅਕਸ਼ ਬਰਬਾਦ ਹੋਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ |
ਏ.ਆਈ. ਸਿਖ਼ਰ ਸੰਮੇਲਨ 'ਚ ਪਹਿਲੇ ਦਿਨ ਹੋਈਆਂ ਬਦਇੰਤਜ਼ਾਮੀਆਂ ਲਈ ਵੈਸ਼ਨਵ ਨੇ ਮੰਗੀ ਮੁਆਫ਼ੀ
ਅਜੀਤ ਡੈਸਕ
18-02-2026